ਮਾਲੇਰਕੋਟਲਾ 10 ਮਈ ( ਬੌਬੀ ਸਹਿਜਲ, ਧਰਮਿੰਦਰ)-ਸਿਵਲ ਸਰਜਨ ਡਾ ਹਰਿੰਦਰ ਸ਼ਰਮਾ ਨੇ‘ ਈਟ ਰਾਈਟ ਇੰਡੀਆ ’ ਮੁਹਿੰਮ ਤਹਿਤ ਪਹੁੰਚੀ ‘ਫੂਡ ਸੇਫ਼ਟੀ ਆਨ ਵ੍ਹੀਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਖਾਧ ਪਦਾਰਥਾਂ ਦੇ ਨਮੂਨੇ ਲੈ ਕੇ ਜਾਂਚ ਕਰਨ ਉਪਰੰਤ ਮੌਕੇ ‘ਤੇ ਹੀ ਇਸ ਦੀ ਰਿਪੋਰਟ ਦੇ ਦੇਵੇਗੀ। ਇਸ ਤੋਂ ਇਲਾਵਾ ਇਹ ਵੈਨ ਲੋਕਾਂ ਨੂੰ ਪੌਸ਼ਟਿਕ ਖਾਣਾ ਖਾਣ ਲਈ ਜਾਗਰੂਕ ਵੀ ਕਰੇਗੀ।ਸਿਵਲ ਸਰਜਨ ਨੇ ਕਿਹਾ ਕਿ ਫੂਡ ਟੈਸਟਿੰਗ ਵੈਨ ਦਾ ਜ਼ਿਲ੍ਹੇ ਵਿੱਚ ਆਉਣ ਦਾ ਮੰਤਵ ਆਮ ਨਾਗਰਿਕਾਂ ਵਿੱਚ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਬਾਰੇ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਫੂਡ ਟੈਸਟਿੰਗ ਵੈਨ ਵੱਲੋਂ ਮੌਕੇ ‘ਤੇ ਹੀ ਖਾਧ ਪਦਾਰਥਾਂ ਦੀ ਸੈਂਪਲ ਟੈਸਟਿੰਗ ਕੀਤੀ ਜਾਂਦੀ ਹੈ ਤੇ ਉਨ੍ਹਾਂ ਆਮ ਲੋਕਾਂ ਨੂੰ ਕਿਹਾ ਕਿ ਉਹ ਦੁੱਧ, ਤੇਲ, ਘਿਓ ਆਦਿ ਦੀ ਜਾਂਚ ਇਸ ਵੈਨ ਤੋਂ ਕਰਵਾ ਸਕਦੇ ਹਨ।ਇਸ ਮੌਕੇ ਸਹਾਇਕ ਕਮਿਸ਼ਨਰ ਫੂਡ ਰਾਖੀ ਵਿਨਾਇਕ ਨੇ ਦੱਸਿਆ ਕਿ ਸਿਹਤ ਵਿਭਾਗ ਪੂਰੇ ਜ਼ਿਲ੍ਹੇ ਭਰ ਦੇ ਲੋਕਾਂ ਨੂੰ ਸਾਫ਼ ਸੁਥਰਾ ਅਤੇ ਮਿਆਰੀ ਖਾਣਾ, ਫਲ ਸਬਜ਼ੀਆਂ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਆਦਿ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਫੂਡ ਸੇਫ਼ਟੀ ਵੈਨ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਲੈ ਕੇ ਗੁਣਵੱਤਾ ਸਬੰਧੀ ਜਾਣੂ ਕਰਾਏਗੀ।ਕੋਈ ਵੀ ਵਿਅਕਤੀ 50 ਰੁਪਏ ਦਾ ਭੁਗਤਾਨ ਕਰ ਕੇ ਆਪਣੇ ਖਾਣ ਵਾਲੇ ਪਦਾਰਥ ਦੀ ਗੁਣਵੱਤਾ ਦੀ ਜਾਂਚ ਕਰਾ ਸਕਦਾ ਹੈ।ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਸੰਧੂ , ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।