ਗੋਰਾਇਆ (ਬਿਊਰੋ)- ਗੋਰਾਇਆ ਦੇ ਪਿੰਡ ਵਿਰਕਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਵੇਰ ਸਮੇਂ ਹੀ ਪਿੰਡ ਵਾਸੀਆਂ ਨੇ ਛੱਪੜ ਵਿੱਚੋਂ ਇਕ ਤੈਰਦੀ ਹੋਈ ਲਾਸ਼ ਦੇਖੀ। ਇਹ ਲਾਸ਼ ਇਕ ਮਹਿਲਾ ਦੀ ਸੀ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਇਸ ਸਬੰਧੀ ਪਿੰਡ ਦੇ ਹੀ ਇਕ ਵਿਅਕਤੀ ਨੇ ਦੱਸਿਆ ਕਿ ਛਪੱੜ ਨਜ਼ਦੀਕ ਖੇਡ ਰਹੇ ਬੱਚਿਆਂ ਨੇ ਦੱਸਿਆ ਕਿ ਛੱਪੜ ਵਿੱਚ ਇਕ ਲਾਸ਼ ਤੈਰ ਰਹੀ ਹੈ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਛੱਪੜ ਨਜ਼ਦੀਕ ਆ ਕੇ ਵੇਖਿਆ ਤਾਂ ਇਹ ਲਾਸ਼ ਇਕ ਮਹਿਲਾ ਸੀ। ਇਹ ਲਾਸ਼ ਤਕਰੀਬਨ ਇਕ ਹਫ਼ਤਾ ਪੁਰਾਣੀ ਲੱਗ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਇਤਲਾਹ ਦਿੱਤੀ। ਓਧਰ ਲਾਸ਼ ਮਿਲਣ ਦੀ ਸੂਚਨਾ ਮਿਲਦੇ ਸਾਰ ਹੀ ਡੀ. ਐੱਸ. ਪੀ. ਫਿਲੌਰ ਹਰਲੀਨ ਸਿੰਘ, ਥਾਣਾ ਗੋਰਾਇਆ ਦੇ ਐੱਸ. ਐੱਚ. ਓ. ਮਨਜੀਤ ਸਿੰਘ ਪੁਲਸ ਪਾਰਟੀ ਨਾਲ ਮੋਕੇ ‘ਤੇ ਪਹੁੰਚੇ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ।ਥਾਣਾ ਗੋਰਾਇਆ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਦੀ ਉਮਰ 50 ਤੋਂ 60 ਸਾਲ ਦੇ ਕਰੀਬ ਲੱਗਦੀ ਹੈ ਤੇ ਦੇਖਣ ਵਿੱਚ ਇਹ ਮਹਿਲਾ ਪ੍ਰਵਾਸੀ ਜਾਪ ਰਹੀ ਹੈ। ਫਿਲਹਾਲ ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਭੇਜ ਦਿੱਤਾ ਹੈ ਅਤੇ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ ਕਿ ਅਗਰ ਕਿਸੇ ਨੂੰ ਇਸ ਲਾਸ਼ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਗੋਰਾਇਆ ਵਿਖੇ ਆ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।