ਉਮਰਾਨੰਗਲ-ਚਾਹਲ-ਸ਼ਰਮਾ-ਪੰਧੇਰ ਹੋਏ ਪੇਸ਼
ਫਰੀਦਕੋਟ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਸਾਲ 2015 ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਅਜੇਪਾਲ ਸਿੰਘ ਦੀ ਅਦਾਲਤ ‘ਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸਾਬਕਾ ਡੀਆਈਜੀ ਅਮਰ ਸਿੰਘ ਚਾਹਲ, ਆਈਜੀ ਪਰਮਰਾਜ ਸਿੰਘ ਉਮਰਾਂਨੰਗਲ, ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਪੰਧੇਰ ਨਿੱਜੀ ਤੌਰ ’ਤੇ ਅਦਾਲਤ ‘ਚ ਪੇਸ਼ ਹੋਏ। ਜਦਕਿ ਸੂਬੇ ਦੇ ਸਾਬਕਾ ਉਪ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ, ਸਾਬਕਾ ਐੱਸਐੱਸਪੀ ਸੁਖਮਿੰਦਰ ਸਿੰਘ ਮਾਨ ਅਦਾਲਤ ਵਿਚ ਪੇਸ਼ ਨਹੀ ਹੋਏ। ਇਨ੍ਹਾਂ ਨੇ ਆਪਣੀ ਹਾਜ਼ਰੀ ਮਾਫੀ ਲਈ ਅਦਾਲਤ ਵਿਚ ਆਪੋ ਆਪਣੀਆਂ ਅਰਜ਼ੀਆਂ ਪੇਸ਼ ਕੀਤੀਆਂ।
ਅਦਾਲਤ ਨੇ ਇਨ੍ਹਾਂ ਨੂੰ ਅੱਜ ਦੇ ਦਿਨ ਲਈ ਹਾਜ਼ਰੀ ਤੋਂ ਛੋਟ ਦਿਦੇ ਹੋਏ 2 ਸਤੰਬਰ ਤਰੀਕ ਤੈਅ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਮੁਕੱਦਮੇ ਵਿਚ ਨਾਮਜ਼ਦ ਚਰਨਜੀਤ ਸ਼ਰਮਾ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਸੀ ਕਿ ਗੋਲੀ ਕਾਂਡ ਦੌਰਾਨ ਪੁਲਿਸ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਦਰਜ ਕੀਤੇ ਕੇਸ ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇ। ਜਿਸ ’ਤੇ ਦੋਵਾਂ ਧਿਰਾਂ ਵਿਚ ਤਕਰੀਬਨ ਦੋ ਘੰਟੇ ਬਹਿਸ ਤੋਂ ਬਾਅਦ ਅਗਲੀ ਕਾਰਵਾਈ 2 ਸਤੰਬਰ ਤੈਅ ਕਰ ਦਿੱਤੀ।