ਐੱਸਏਐੱਸ ਨਗਰ (ਭੰਗੂ) ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਦੇ ਮਾਮਲੇ ’ਚ ਪੰਜਾਬ ਦੇ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਫਿਲੌਰ ਨੇ ਅਦਾਲਤ ਤੋਂ ਜਸਕਰਨ ਸਿੰਘ ਦੇ ਪੁੱਤਰ ਦੇ ਅਮਰੀਕਾ ’ਚ ਵਿਆਹ ’ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ, ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ।
ਫਿਲੌਰ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿ 6 ਸਤੰਬਰ ਨੂੰ ਉਸ ਦੇ ਪੁਰਾਣੇ ਦੋਸਤ ਦੇ ਬੇਟੇ ਦਾ ਵਿਆਹ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਦੇ ਫੇਅਰਮੌਂਟ ਹੋਟਲ ’ਚ ਹੋ ਰਿਹਾ ਹੈ, ਜਿਸ ਦਾ ਵਿਆਹ ਦਾ ਸੱਦਾ ਪੱਤਰ ਵੀ ਉਸ ਨੇ ਅਦਾਲਤ ’ਚ ਪੇਸ਼ ਕੀਤਾ ਜਿਸ ਕਾਰਨ ਅਦਾਲਤ ਨੇ ਉਸ ਦੀ 20 ਲੱਖ ਰੁਪਏ ਦੀ ਬੈਂਕ ਐੱਫਡੀ ਨੂੰ ਰੱਖਦੇ ਹੋਏ ਉਸ ਦਾ ਪਾਸਪੋਰਟ ਜਾਰੀ ਕਰ ਦਿੱਤਾ ਅਤੇ ਉਸ ਨੂੰ ਸਿਰਫ 18 ਦਿਨਾਂ ਲਈ ਅਮਰੀਕਾ ਜਾਣ ਦੀ ਇਜਾਜ਼ਤ ਦਿੱਤੀ ਗਈ। ਫਿਲੌਰ ਇਸ ਤੋਂ ਪਹਿਲਾਂ ਵੀ ਅਦਾਲਤ ਤੋਂ ਇਜਾਜ਼ਤ ਲੈ ਕੇ ਇੰਗਲੈਂਡ ਅਤੇ ਕੈਨੇਡਾ ਗਏ ਸੀ ਅਤੇ ਅਦਾਲਤ ਵੱਲੋਂ ਦਿੱਤੇ ਸਮੇਂ ਅੰਦਰ ਵਾਪਸ ਆ ਗਏ ਸੀ।