, ਵੀਡੀਓ ਵਾਇਰਲ ਹੋਣ ਤੋਂ ਬਾਅਦ ਕਹੀ ਇਹ ਗੱਲ
ਹੁਸ਼ਿਆਰਪੁਰ (ਰਾਜੇਸ ਜੈਨ-ਜਗਰੂਪ ਸੋਹੀ) ਲੰਘੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਹਲਕਾ ਟਾਂਡਾ ਵਿਚ ਪੈਂਦੇ ਹੜ੍ਹ ਪ੍ਰਭਾਵਤ ਪਿੰਡਾਂ ਦਾ ਦੌਰਾ ਕਰਨ ਤੋਂ ਬਾਅਦ ਰੜ੍ਹਾ ਮੰਡ ਇਲਾਕੇ ਵਿਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਦੇ ਪਿੱਛੇ ਖੜ੍ਹੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲੋਂ ਬੋਲੇ ਜਾਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਪਿੱਛੇ ਮੁੜ ਕੇ ਦੇਖਣ ਅਤੇ ਜਿੰਪਾ ਦੇ ਜੋੜੇ ਹੱਥਾਂ ਦਾ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਪਿੱਛੇ ਖੜ੍ਹੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਵੱਲ ਮੁੜ ਕੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੁਣੇ ਜਾ ਸਕਦੇ ਹਨ, ‘‘ਸਰ ਮੈਨੂੰ ਬੋਲਣ ਦਿਓ…’’। ਇਸ ਤੋਂ ਬਾਅਦ ਜਿੰਪਾ ਸ਼ਾਂਤ ਹੋ ਗਏ ਤੇ ਉਨ੍ਹਾਂ ਦੇ ਜੁੜੇ ਹੱਥ ਵੀ ਵੀਡੀਓ ਵਿਚ ਦੇਖੇ ਜਾ ਸਕਦੇ ਹਨ।
ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਸ਼ੁੱਕਰਵਾਰ ਨੂੰ ਆਪਣੇ ਇੱਕ ਸੋਸ਼ਲ ਮੀਡੀਆ ਖ਼ਾਤੇ ’ਤੇ ਸਾਂਝਾ ਕੀਤਾ। ਇਸ ਨਾਲ ਇਹ ਮਾਮਲਾ ਹੋਰ ਚਰਚਾ ਵਿਚ ਆ ਗਿਆ। ਇਸ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਮੈਂ ਇਹ ਖ਼ੁਦ ਮਹਿਸੂਸ ਕੀਤਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਰਵਾਨਗੀ ਨਾਲ ਗੱਲ ਕਰ ਰਹੇ ਸਨ ਤਾਂ ਮੇਰਾ ਵਿਚ ਬੋਲਣਾ ਵਾਜਿਬ ਨਹੀਂ ਸੀ। ਜਿੰਪਾ ਨੇ ਅੱਗੇ ਕਿਹਾ ਕਿ ਬਾਅਦ ਵਿਚ ਮੁੱਖ ਮੰਤਰੀ ਨਾਲ ਇਸ ਸਬੰਧੀ ਗੱਲ ਵੀ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਖ਼ਾਸ ਗੱਲ ਨਹੀਂ ਸੀ ਕਿਉਂਕਿ ਮੁੱਖ ਮੰਤਰੀ ਹਮੇਸ਼ਾ ਆਪਣੇ ਮੰਤਰੀਆਂ ਦੀ ਗੱਲ ਸੁਣਦੇ ਹਨ।