ਹੁਸ਼ਿਆਰਪੁਰ, 15 ਮਈ ( ਵਿਕਾਸ ਮਠਾੜੂ) : ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ 22 ਮਈ 2023 ਤੋਂ ਡੇਅਰੀ ਸਿਖਲਾਈ ਕੇਂਦਰ,ਫਗਵਾੜਾ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।ਡਿਪਟੀ ਡਾਇਰੈਕਟਰ ਡੇਅਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋ ਲੈ ਕੇ ਰੱਖ-ਰਖਾਅ,ਖਾਧ-ਖੁਰਾਕ,ਨਸਲ ਸੁਧਾਰ,ਸਾਂਭ-ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਿਖਲਾਈ ਨਾਲ ਪੜ੍ਹੇ-ਲਿਖੇ ਬੇਰੋਜ਼ਗਾਰ ਨੌਜਵਾਨ ਆਪਣਾ ਧੰਦਾ ਸ਼ੁਰੂ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲੈਂਣ ਵਾਲਾ ਸਿੱਖਿਆਰਥੀ ਪੇਂਡੂ ਖੇਤਰ ਨਾਲ ਸੰਬੰਧ ਰੱਖਦਾ ਹੋਵੇ, ਘੱਟੋ ਘੱਟ ਪੰਜਵੀਂ ਪਾਸ ਹੋਵੇ ਅਤੇ ਉਮਰ 18 ਤੋਂ 50 ਸਾਲ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਕੋਰਸ ਦੀ ਫੀਸ 1 ਹਜ਼ਾਰ ਰੁਪਏ ਜਨਰਲ ਸ਼੍ਰੇਣੀ ਅਤੇ 750 ਰੁਪਏ ਅਨੁਸੂਚਿਤ ਜਾਤੀ ਦੇ ਸਿਖਆਰਥੀਆ ਲਈ ਹੋਵੇਗੀ।ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਿਖਲਾਈ ਲੈਣ ਦੇ ਚਾਹਵਾਨ ਆਪਣੇ ਦਸਤਾਵੇਜ਼ ਜਿਵੇਂ ਕਿ ਪੜ੍ਹਾਈ ਦਾ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਜਾਤੀ ਦਾ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ 19 ਮਈ 2023 ਤੱਕ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ ਦਫ਼ਤਰੀ ਕੰਮ ਕਾਜ ਦੇ ਸਮੇਂ ਦੌਰਾਨ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਿਖਿਆਰਥੀ 2 ਤੋਂ 10 ਦੁਧਾਰੂ ਪਸ਼ੂਆਂ ਦਾ ਕਰਜ਼ਾ ਲੈ ਸਕਣਗੇ ਅਤੇ ਸਰਕਾਰ ਵਲੋ ਜਨਰਲ ਜਾਤੀ ਲਈ 25 ਫੀਸਦੀ ਅਤੇ ਅਨੁਸੂਚਿਤ ਜਾਤੀ ਲਈ 33 ਫੀਸਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਰ ਜਾਣਕਾਰੀ ਲੈਣ ਲਈ 01882-220025 ’ਤੇ ਸੰਪਰਕ ਕੀਤਾ ਜਾ ਸਕਦਾ ਹੈ।