ਬਟਾਲਾ, 15 ਮਈ (ਬੋਬੀ ਸਹਿਜਲ) : ਡਾ. ਸ਼ਾਇਰੀ ਭੰਡਾਰੀ, ਐਸ.ਡੀ.ਐਮ ਬਟਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਜਾਂ ਹੋਰ ਰਹਿੰਦ ਖੂੰਹਦ ਨੂੰ ਸਾੜਨ ਨਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦੇਣ ਜਿਸ ਨਾਲ ਜ਼ਮੀਨ ਦੀ ਉਪਜਾਊ ਸਕਤੀ ਵਧੇਗੀ। ਉਨਾਂ ਅੱਗੇ ਕਿਹਾ ਹੈ ਕਿ ਖੇਤੀ ਰਹਿੰਦ ਖੂੰਹਦ ਸਾੜਨ ਨਾਲ ਜਿੱਥੇ ਸਾਡੀ ਜ਼ਮੀਨ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਉਥੇ ਹੀ ਇਸ ਨਾਲ ਵਾਤਾਵਰਨ ਵੀ ਪ੍ਰਦੁਸ਼ਿਤ ਹੁੰਦਾ ਹੈ ਅਤੇ ਕਈ ਵਾਰ ਇਸਦਾ ਧੂੰਆਂ ਅਤੇ ਅੱਗ ਹਾਦਸਿਆਂ ਦੀ ਕਾਰਨ ਵੀ ਬਣਦਾ ਹੈ।ਐਸ.ਡੀ.ਐਮ ਨੇ ਅੱਗੇ ਕਿਹਾ ਕਿ ਪ੍ਰਦੁਸ਼ਨ ਨਾਲ ਵਾਤਾਵਰਨ ਵਿਚ ਆ ਰਹੇ ਬਦਲਾਵਾਂ ਦੇ ਅਸਰ ਸਭ ਤੋਂ ਵੱਧ ਸਾਡੀ ਖੇਤੀ ਤੇ ਹੀ ਹੁੰਦੇ ਹਨ ਅਤੇ ਅਸੀਂ ਵੇਖਿਆ ਹੈ ਕਿ ਪਿੱਛਲੇ ਦਿਨੀ ਬੇਰੁੱਤੀਆਂ ਬਰਸਾਤਾਂ ਨੇ ਕਿਸਾਨਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਕੀਤਾ ਸੀ। ਇਸ ਲਈ ਸਾਨੂੰ ਕੁਦਰਤ ਪ੍ਰਤੀ ਆਪਣੇ ਫਰਜਾਂ ਨੂੰ ਪਹਿਚਾਣਦਿਆਂ ਨਾੜ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਹੈ।ਓਧਰ ਮੁੱਖ ਖੇਤੀਬਾੜੀ ਅਫਸਰ ਡਾ. ਕ੍ਰਿਪਾਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਨਾੜ ਦੀ ਤੂੜੀ ਬਣਵਾਉਣ ਕਿਉਂਕਿ ਤੁੜੀ ਦੀ ਇਸ ਵੇਲੇ ਚੰਗੀ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਤੁੜੀ ਬਣਵਾਉਣ ਤੋਂ ਬਾਅਦ ਕੁਝ ਕਿਸਾਨ ਪਿੱਛੇ ਬਚੀ ਰਹਿੰਦ ਖੁਹੰਦ ਨੂੰ ਅੱਗ ਲਗਾ ਦਿੰਦੇ ਹਨ ਜ਼ੋ ਕਿ ਕਿਸੇ ਵੀ ਤਰਾਂ ਨਾਲ ਜਾਇਜ਼ ਨਹੀਂ ਹੈ ਸਗੋਂ ਇਸ ਰਹਿੰਦ ਖੁਹੰਦ ਨੂੰ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ ਜਿਸ ਨਾਲ ਜ਼ਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ।