ਮੋਹਾਲੀ, 23 ਜਨਵਰੀ (ਰਾਜੇਸ ਭੰਗੂ-ਭਗਵਾਨ ਭੰਗੂ) ਮੁਹਾਲੀ ਪੁਲੀਸ ਨੇ ਇੱਕ ਵਿਅਕਤੀ ਨੂੰ ਟ੍ਰੱਕ ਸਮੇਤ ਕਾਬੂ ਕਰਕੇ ਚੰਡੀਗੜ੍ਹ ਤੋਂ ਲਿਆ ਕੇ ਪੰਜਾਬ ਵਿੱਚ ਵੇਚੀ ਜਾਣ ਵਾਲੀ ਸ਼ਰਾਬ ਦੇ 2249 ਪਊਏ ਬਰਮਾਦ ਕੀਤੇ ਹਨ। ਇਹ ਸ਼ਰਾਬ ਕੁਲ 52 ਪੇਟੀਆਂ ਵਿੱਚ ਰੱਖ ਕੇ ਲਿਆਂਦੀ ਜਾ ਰਹੀ ਸੀ। ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਕਅਤੀ ਨੂੰ ਐਸ ਐਸ ਪੀ ਡਾ. ਸੰਦੀਪ ਗਰਗ ਦੇ ਹੁਕਮਾਂ ਤਹਿਤ ਐਸ ਪੀ ਸ਼ਹਿਰੀ ਸ੍ਰੀ ਆਕਾਸ਼ ਦੀਪ ਔਲਖ ਦੀ ਅਗਵਾਈ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਤਹਿਤ ਫੇਜ਼ 11 ਦੇ ਮੁੱਖ ਥਾਣਾ ਅਫਸਰ ਮਨਦੀਪ ਸਿੰਘ ਦੀ ਨਿਗਰਾਨੀ ਵਿੱਚ ਐਕਸਾਈਜ ਇੰਸਪੈਕਟਰ ਵਿਕਾਸ ਕੁਮਾਰ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਐਕਸਾਈਜ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਸੀ ਕਿ ਪੰਕਜ ਵਾਸੀ ਛਪਰਾ (ਬਿਹਾਰ) ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਪੰਜਾਬ ਅਤੇ ਹੋਰਨਾਂ ਥਾਵਾਂ ਤੇ ਵੇਚਦਾ ਹੈ ਅਤੇ ਅੱਜ ਵੀ ਇੱਕ ਟਰੱਕ ਵਿੱਚ ਸ਼ਰਾਬ ਲੈ ਕੇ ਆ ਰਿਹਾ ਹੈ ਜਿਸਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਹਰਨੇਕ ਸਿੰਘ ਦੀ ਅਗਵਾਈ ਵਿੱਚ ਫੇਜ਼ 11 ਵਿੱਚ ਬਾਵਾ ਵਾਈਟ ਹਾਊਸ ਨੇੜੇ ਲਾਕੇਬੰਦੀ ਕਰਕੇ ਉਕਤ ਵਿਅਕਤੀ ਨੂੰ ਟਰੱਕ ਅਤੇ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬਰਾਮਦ ਕੀਤੀ ਗਈ ਸ਼ਰਾਬ ਵਿੱਚ 31 ਪੇਟੀਆਂ ਪਉਏ (ਇੰਪੀਰੀਅਲ ਸਟਾਈਲ, ਹਰੇਕ ਪੇਟੀ ਵਿਚੋਂ 48 ਪਉਏ ਸਨ) ਜਿਹਨਾਂ ਦੀ ਕੁਲ ਗਿਣਤੀ 1488 ਪਉਏ ਸੀ ਅਤੇ 21 ਪੇਟੀਆਂ ਪਉਏ (ਬਲਿਊ ਸਟਰੋਕ ਜੋ ਹਰੇਕ ਪੇਟੀ ਵਿਚ 48 ਪਉਏ ਸੀ) ਜਿਹਨਾ ਦੀ ਕੁਲ ਗਿਣਤੀ ਕੁੱਲ 1008 ਸੀ ਬਰਾਮਦ ਹੋਏ। ਇਸ ਸਬੰਧੀ ਪੁਲੀਸ ਨੇ ਐਕਸਾਇਜ ਐਕਟ ਦੀ ਧਾਰਾ 61/1/14 ਅਧੀਨ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਪੰਕਜ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
