ਬਨੂੜ (ਰੋਹਿਤ ਗੋਇਲ ) ਇਸ ਖੇਤਰ ‘ਚ ਵੱਡੇ ਪੱਧਰ ਉੱਤੇ ਪੈਰ ਪਸਾਰ ਰਹੇ ਚਿੱਟੇ ਅਤੇ ਹੋਰ ਨਸ਼ਿਆਂ ਵਿਰੁੱਧ ਲਾਮਬੰਦੀ ਪੈਦਾ ਕਰਨ ਲਈ ਅੱਜ ਪਿੰਡ ਨੱਗਲ ਸਲੇਮਪੁਰ ਵਿਖੇ ਨੌਜਵਾਨ ਸਭਾ ਦੀ ਅਗਵਾਈ ਹੇਠ ਇਕੱਤਰਤਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਵਾਸੀਆਂ, ਨੌਜਵਾਨਾਂ, ਮਹਿਲਾਵਾਂ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਦੇ ਵਸਨੀਕ ਵੀ ਪਹੁੰਚੇ।
ਇਸ ਮੌਕੇ ਹੱਥ ਖੜ੍ਹੇ ਕਰਕੇ ਪਾਸ ਕੀਤੇ ਮਤੇ ਰਾਹੀਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਬਨੂੜ ਖੇਤਰ ‘ਚ ਲਗਾਤਾਰ ਰਹੇ ਵੱਧ ਰਹੇ ਨਸ਼ੇ ਦੇ ਪ੍ਰਭਾਵ ਵਿਰੁੱਧ ਅਸਰਦਾਰ ਕਾਰਵਾਈ ਦੀ ਮੰਗ ਕੀਤੀ ਗਈ। ਪਿੰਡਾਂ ਦੇ ਵਸਨੀਕਾਂ ਨੇ ਇਸ ਮੌਕੇ ਚਿਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਕੋਈ ਕਾਰਗਰ ਕਦਮ ਨਾ ਚੁੱਕਿਆ ਤਾਂ ਪਿੰਡਾਂ ਦੇ ਵਸਨੀਕ ਨਸ਼ਾ ਤਸਕਰਾਂ ਵਿਰੁੱਧ ਆਪਣੇ ਆਪ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਸਿਹਤ ਵਿਭਾਗ ਕੋਲੋਂ ਮੰਗ ਕੀਤੀ ਗਈ ਕਿ ਨਸ਼ਿਆਂ ਦੀ ਲਪੇਟ ‘ਚ ਆਏ ਨੌਜਵਾਨਾਂ ਦੀ ਪਛਾਣ ਗੁਪਤ ਰੱਖ ਕੇ ਨਸ਼ਾ ਛੁਡਾਏ ਜਾਣ ਲਈ ਇਲਾਜ ਕਰਾਇਆ ਜਾਵੇ। ਇਕੱਠ ਨੂੰ ਭਾਜਪਾ ਯੁਵਾ ਮੋਰਚਾ ਦੇ ਆਗੂ ਰਿੰਕੂ ਸਲੇਮਪੁਰ, ਸਰਪੰਚ ਰਿਸ਼ੀਪਾਲ, ਰਿਟਾਇਰ ਇੰਸਪੈਕਟਰ ਮਹਿੰਦਰ ਸਿੰਘ ਮਨੌਲੀ ਸੂਰਤ, ਨੌਜਵਾਨ ਆਗੂ ਜ਼ੋਰਾ ਸਿੰਘ ਬਨੂੜ ਨੇ ਸੰਬੋਧਨ ਕੀਤਾ। ਉਨ੍ਹਾਂ ਨਸ਼ੇ ਦੇ ਮਾੜੇ ਪ੍ਰਭਾਵ, ਸਮਾਜ ਉੱਤੇ ਪੈ ਰਹੇ ਅਸਰ, ਵੱਧ ਰਹੀਆਂ ਅਪਰਾਧਿਕ ਵਾਰਦਾਤਾਂ, ਚੋਰੀ ਦੀਆਂ ਘਟਨਾਵਾਂ ਆਦਿ ਨੂੰ ਨਸ਼ਿਆਂ ਨਾਲ ਜੋੜ ਕੇ ਵੇਖਿਆ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪੁਲਿਸ ਨਸ਼ੇ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ‘ਚ ਅਸਫ਼ਲ ਰਹੀ ਹੈ। ਇਸ ਮੌਕੇ ਹੋਰਨਾਂ ਪਿੰਡਾਂ ਵਿੱਚ ਵੀ ਅਜਿਹੀ ਲਾਮਬੰਦੀ ਦਾ ਅਹਿਦ ਲਿਆ ਗਿਆ।