ਮਜ਼ਦੂਰ ਤੋਂ ਮੋਬਾਈਲ ਖੋਹਣ ਤੋਂ ਬਾਅਦ ਉਸ ਦੇ ਪੇਟ ਵਿੱਚ ਮਾਰੇ ਸਨ ਚਾਕੂ
ਸੁਧਾਰ, 10 ਜੂਨ ( ਜਸਵੀਰ ਹੇਰਾਂ , ਬੌਬੀ ਸਹਿਜਲ )-ਥਾਣਾ ਸੁਧਾਰ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ’ਚ ਕਿਸਾਨਾਂ ਦੀਆਂ ਮੋਟਰਾਂ ’ਤੇ ਲੱਗੀਆਂ ਤਾਰਾਂ ਅਤੇ ਹੋਰ ਸਾਮਾਨ ਚੋਰੀ ਕਰਨ, ਲੋਕਾਂ ਦੇ ਘਰਾਂ ’ਚ ਵੜ ਕੇ ਸਾਮਾਨ ਚੋਰੀ ਕਰਨ ਅਤੇ ਇਕ ਮਜ਼ਦੂਰ ਨੂੰ ਘੇਰ ਕੇ ਉਸ ਦਾ ਮੋਬਾਈਲ ਖੋਹ ਕੇ ਉਸ ਦੇ ਪੇਟ ’ਚ ਕਈ ਵਾਰ ਚਾਕੂ ਮਾਰ ਕੇ ਉਸਨੂੰ ਬੁਰੀ ਤਰ੍ਹਾਂ ਨਾਲ ਜਖਮੀ ਕਰਕੇ ਫਰਾਰ ਹੋਣ ਦੇ ਦੋਸ਼ ਵਿਚ ਮਨਦੀਪ ਸਿੰਘ ਉਰਫ਼ ਦੀਪੂ ਵਾਸੀ ਪਿੰਡ ਜੱਸੋਵਾਲ ਨੂੰ ਥਾਣਾ ਸੁਧਾਰ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਦੂਜੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਜੱਸੋਵਾਲ ਦੀ ਭਾਲ ਕੀਤੀ ਜਾ ਰਹੀ ਹੈ। ਦੋਵਾਂ ਖ਼ਿਲਾਫ਼ ਥਾਣਾ ਸੁਧਾਰ ਵਿੱਚ ਕਰੀਬ 20 ਚੋਰੀਆਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਏ ਐਸ.ਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਪਿੰਡ ਜੱਸੋਵਾਲ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੇ ਘਰ ਦੇ ਕੋਲ ਪਸ਼ੂਆਂ ਵਾਲਾ ਉਨ੍ਹਾਂ ਦਾ ਘਰ ਹੈ। ਜਿਸ ਵਿਚ ਚੋਰਾਂ ਨੇ 4-5 ਜੂਨ ਦੀ ਰਾਤ ਨੂੰ ਦਾਖਲ ਹੋ ਕੇ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਮੋਟਰ, ਟੁੱਲੂ ਪੰਪ ਅਤੇ ਹੋਰ ਸਮਾਨ ਚੋਰੀ ਕਰ ਲਿਆ। ਜਿਸ ਦੀ ਜਾਂਚ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਘਰ ਚੋਰੀ ਦੀ ਵਾਰਦਾਤ ਨੂੰ ਮਨਦੀਪ ਸਿੰਘ ਉਰਫ ਦੀਪੂ ਅਤੇ ਗੁਰਪ੍ਰੀਤ ਸਿੰਘ ਉਰਫ ਸੋਨੂੰ ਵਾਸੀ ਜੱਸੋਵਾਲ ਨੇ ਅੰਜਾਮ ਦਿੱਤਾ ਹੈ ਅਤੇ ਇਹ ਚੋਰੀ ਦਾ ਸਮਾਨ ਅੱਗੇ ਇਕਬਾਲ ਸਿੰਘ ਦੀ ਨਹਿਰ ਪੁਲ ਸੁਧਾਰ ਨੇੜੇ ਸਕਰੈਪ ਦੀ ਦੁਕਾਨ ’ਤੇ ਵੇਚ ਦਿੱਤਾ ਹੈ। ਇਸ ਸ਼ਿਕਾਇਤ ’ਤੇ ਥਾਣਾ ਸੁਧਾਰ ’ਚ ਮਾਮਲਾ ਦਰਜ ਕਰਕੇ ਮਨਦੀਪ ਸਿੰਘ ਉਰਫ ਦੀਪੂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਕਾਰਨ ਪੁਛਗਿੱਛ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਹੀ ਪਿਛਲੇ ਦਿਨੀਂ ਸੁਧਾਰ ਨਹਿਰ ਦੇ ਪੁਲ ਕੋਲ ਮਜ਼ਦੂਰ ਕਿਸ਼ਨ ਕੁਮਾਰ ਤੋਂ ਉਸ ਦਾ ਮੋਬਾਈਲ ਫੋਨ ਖੋਹ ਲਿਆ ਸੀ ਅਤੇ ਜਾਂਦੇ ਸਮੇਂ ਚਾਕੂ ਨਾਲ ਉਸ ਦੇ ਢਿੱਡ ਵਿੱਚ ਕਈ ਵਾਰ ਕੀਤੇ ਸਨ, ਜਿਸ ਨਾਲ ਮੌਕੇ ’ਤੇ ਹੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਨੂੰ ਪਿੰਡ ਵਾਸੀਆਂ ਵੱਲੋਂ ਪਹਿਲਾਂ ਸਿਵਲ ਹਸਪਤਾਲ ਸੁਧਾਰ ਵਿਖੇ ਦਾਖਲ ਕਰਵਾਇਆ ਗਿਆ ਪਰ ਉਥੋਂ ਉਸ ਨੂੰ ਪੀ.ਜੀ.ਆਈ ਦਾਖਲ ਕਰਵਾਇਆ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਪਰਮਿੰਦਰ ਸਿੰਘ ਵਾਸੀ ਜੱਸੋਵਾਲ ਦੇ ਖੇਤ ਟ ਲੱਗੇ ਟਰਾਂਸਫਾਰਮ ਚੋਂ ਤੇਲ, ਤਾਂਬਾ ਅਤੇ ਤਾਰਾਂ, ਗੁਰਚਰਨ ਸਿੰਘ ਦੇ ਖੇਤ ’ਚੋਂ ਕੇਬਲ ਤਾਰ, ਦਰਸ਼ਨ ਸਿੰਘ ਦੇ ਘਰ ’ਚ ਦਾਖਲ ਹੋ ਕੇ ਟਰਾਂਸਫਾਰਮਰ, ਛੱਤ ਵਾਲੇ ਪੱਖੇ, ਗੈਸ ਸਿਲੰਡਰ ਆਦਿ ਚੋਰੀ ਕੀਤੇ, ਸੁਰਿੰਦਰ ਸਿੰਘ ਦੇ ਘਰੋਂ 5 ਕੁਇੰਟਲ ਕਣਕ ਚੋਰੀ, ਬਲਵੀਰ ਸਿੰਘ ਦੇ ਖੇਤ ’ਚ ਟਰਾਂਸਫਰ ਖੋਲ੍ਹ ਕੇ ਤੇਲ, ਤਾਂਬਾ ਤੇ ਤਾਰਾਂ, ਗੁਰਦੁਆਰਾ ਗੁਰੂ ਰਵਿਦਾਸ ਭਗਤ ਜੱਸੋਵਾਲ ਦੀਆਂ ਖਿੜਕੀਆਂ ਉਖਾੜੀਆਂ, ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਧਾਲੀਵਾਲ ਸੁਧਾਰ ’ਚ 2 ਇਨਵਰਟਰ, ਦੋ ਬੈਟਰੀਆਂ, ਕੰਪਿਊਟਰ, ਸੀ.ਸੀ.ਟੀ.ਵੀ. ਕੈਮਰੇ, ਡੀ.ਵੀ.ਆਰ., ਭਾਂਡੇ ਅਤੇ ਗੈਸ ਸਿਲੰਡਰ ਚੋਰੀ ਕੀਤਾ, ਹਰਜੀਵਨ ਸਿੰਘ ਦੇ ਖੇਤ ’ਚੋਂ , ਨਿਰਮਲ ਸਿੰਘ ਦੇ ਖੇਤ, ਸਿਕੰਦਰ ਸਿੰਘ ਦੇ ਖੇਤ, ਹਰਮੇਲ ਸਿੰਘ ਦੇ ਖੇਤ, ਮੇਹਰ ਸਿੰਘ ਦੇ ਖੇਤ ’ਚੋਂ ਗੁਰਮੀਤ ਸਿੰਘ ਦੇ ਖੇਤ ’ਚੋਂ ਕੇਬਲ ਦੀਆਂ ਤਾਰਾਂ ਚੋਰੀ, ਸੁਧਾਰ ਦੇ ਮਜ਼ਦੂਰ ਤੋਂ ਮੋਬਾਈਲ ਫੋਨ ਖੋਹ ਲਿਆ, ਪ੍ਰੀਤਮ ਸਿੰਘ ਦੇ ਖੇਤਾਂ ’ਚੋਂ ਅਤੇ ਜਸਵਿੰਦਰ ਸਿੰਘ ਦੇ ਖੇਤਾਂ ਵਿਚੋਂ ਤਾਰਾਂ ਚੋਰੀ ਕੀਤੀਆਂ। ਏਐਸਆਈ ਰਾਜਦੀਪ ਨੇ ਦੱਸਿਆ ਕਿ ਮਨਦੀਪ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜਦੋਂ ਕਿ ਇਸਦੇ ਦੂਸਰੇ ਸਾਥੀ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ।