ਅਜਨਾਲਾ,29 ਜੂਨ (ਵਿਕਾਸ ਮਠਾੜੂ) : ਪਿੰਡ ਮਿਆਂਦੀਆਂ ਕਲਾਂ ਵਿਖੇ ਇਕ ਪੁਲਿਸ ਦੇ ਸਿਪਾਹੀ ਜਸਕਰਨ ਸਿੰਘ ਦੀ ਖਿੱਚ ਧੂਹ ਕਰ ਕੇ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਅਤੇ ਹੱੁਲੜਬਾਜ਼ੀ ਕਰ ਕੇ ਰੇਤ ਦੇ ਭਰੇ ਘੜੁੱਕੇ ਨੂੰ ਖੋਹਣ ਦੀ ਨਾਕਾਮ ਕੋਸ਼ਿਸ਼ ਕਰਨ ਮੌਕੇ ਸਿਪਾਹੀ ਦੀ ਵਰਦੀ ਨੂੰ ਪਾੜਨ ਦੇ ਇਲਜ਼ਾਮ ‘ਚ ਪੁਲਿਸ ਥਾਣਾ ਭਿੰਡੀ ਸੈਦਾਂ ਨੇ ਕਥਿਤ ਮੁਲਜ਼ਮ ਮੀਤਾ ਤੇ ਗੋਪੀ ਸਣੇ 15 ਅਣਪਛਾਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕੀਤਾ। ਕਥਿਤ ਮੁਲਜ਼ਮ ਭਗੌੜੇ ਦੱਸੇ ਗਏ ਹਨ। ਪੁਲਿਸ ਥਾਣਾ ਭਿੰਡੀ ਸੈਦਾ ‘ਚ ਉਕਤ ਦਰਜ ਮਾਮਲੇ ਅਨੁਸਾਰ ਪ੍ਰਭਾਵਿਤ ਪੁਲਿਸ ਸਿਪਾਹੀ ਜਸਕਰਨ ਸਿੰਘ ਪੁਲਿਸ ਪਾਰਟੀ ਨਾਲ ਭੈੜੇ ਪੁਰਸ਼ਾਂ ਦੀ ਤਲਾਸ਼ ‘ਚ ਪਿੰਡ ਮਿਆਂਦੀਆਂ ਕਲਾਂ ਮੌਜੂਦ ਸੀ ਕਿ ਰੇਤ ਦੀ ਹੋ ਰਹੀ ਚੋਰੀ ਸਬੰਧੀ ਸੂਚਨਾ ਮਿਲਣ ‘ਤੇ ਜਦੋਂ ਉਹ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪੁੱਜਾ ਤਾਂ ਪੁਲਿਸ ਪਾਰਟੀ ਨੂੰ ਵੇਖ ਕੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰ ਰਹੇ ਵਿਅਕਤੀ ਰੇਤ ਦੇ ਭਰੇ ਘੜੁੱਕੇ ਨੂੰ ਉੱਥੇ ਛੱਡ ਕੇ ਫ਼ਰਾਰ ਹੋ ਗਏ। ਦਰਜ ਮਾਮਲੇ ਅਨੁਸਾਰ ਜਦੋਂ ਸਿਪਾਹੀ ਜਸਕਰਨ ਸਿੰਘ ਰੇਤ ਦੇ ਭਰੇ ਘੜੁੱਕੇ ਨੂੰ ਖ਼ੁਦ ਚਲਾ ਕੇ ਪੁਲਿਸ ਥਾਣੇ ਵੱਲ ਲਿਜਾ ਰਿਹਾ ਸੀ ਤਾਂ ਉਕਤ ਮੁਲਜ਼ਮਾਂ ਨੇ ਉਸ ਨੂੰ ਰੋਕ ਕੇ ਹੱੁਲੜਬਾਜ਼ੀ ਕਰਦਿਆਂ ਖਿੱਚ ਧੂਹ ਕੀਤੀ ਅਤੇ ਸਰਕਾਰੀ ਡਿਊਟੀ ‘ਚ ਵਿਘਨ ਪਾਉਂਦਿਆਂ ਉਸ ਦੀ ਵਰਦੀ ਵੀ ਪਾੜ ਦਿੱਤੀ।ਰੇਤ ਦੇ ਭਰੇ ਘੜੁੱਕੇ ਨੂੰ ਵੀ ਖੋਹ ਕੇ ਭਜਾਉਣ ਦੀ ਨਾਕਾਮ ਕੋਸ਼ਿਸ਼ ਕੀਤੀ।