ਬਰਨਾਲਾ(ਮੋਹਿਤ ਜੈਨ)ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਸਬੰਧੀ ਸੀਡੀਪੀਓ ਦਫ਼ਤਰ ਅੱਗੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਜਿਲ੍ਹਾ ਪੋ੍ਗਰਾਮ ਅਫ਼ਸਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਦਲਜੀਤ ਕੌਰ ਨੇ ਕਿਹਾ ਕਿ ਆਂਗਨਵਾੜੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਮੁਲਾਜ਼ਮਾਂ ‘ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਪਹਿਲਾਂ ਉਨ੍ਹਾ ਵਲੋਂ ਸੀਡੀਪੀਓ ਦਫ਼ਤਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਫਿਰ ਜਿਲ੍ਹਾ ਪੋ੍ਗਰਾਮ ਦਫ਼ਤਰ ਅੱਗੇ ਧਰਨਾ ਦਿੰਦਿਆਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਮੰਗ ਕੀਤੀ ਕਿ ਵਰਕਰਾਂ ਤੇ ਹੈਲਪਰਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ। ਜਿਲ੍ਹੇ ਅੰਦਰ ਹੈਲਪਰਾਂ ਦੀ ਭਰਤੀ ਕੀਤੀ ਜਾਵੇ। ਵਰਕਰਾਂ ਪਾਸੋ ਵਾਧੂ ਕੰਮ ਲੈਣਾ ਬੰਦ ਕਰਵਾਇਆ ਜਾਵੇ। ਵਰਕਰਾਂ ਵਲੋਂ ਬਦਲੀਆਂ ਸਬੰਧੀ ਦਿੱਤੀਆਂ ਦਰਖਾਸਤਾਂ ‘ਤੇ ਗੌਰ ਕੀਤਾ ਜਾਵੇ। ਵਰਕਰਾਂ ਦੀਆਂ ਤਨਖਾਹਾਂ ਸਮੇਂ ਸਿਰ ਪਾਈਆਂ ਜਾਣ। ਵਰਕਰਾਂ ਤੇ ਹੈਲਪਰਾਂ ਨੂੰ ਆਪਣੇ ਮਕਾਨ ‘ਚ ਸੈਂਟਰ ਖੋਲਣ ਦੀ ਮੰਨਜੂਰੀ ਦਿੱਤੀ ਜਾਵੇ ਆਦਿ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੌਕੇ ਹਰਕੀਰਤ ਕੌਰ ਧੌਲਾ, ਗੁਰਮੀਤ ਕੌਰ ਕਾਹਲੇਕੇ, ਅੰਗੂਰੀ ਦੇਵੀ, ਪਰਮਜੀਤ ਕੌਰ ਬਡਬਰ, ਜਸਪਾਲ ਕੌਰ ਬਰਨਾਲਾ ਆਦਿ ਵੀ ਹਾਜ਼ਰ ਸਨ।