ਸੁਧਾਰ, 12 ਜੂਨ ( ਜਸਵੀਰ ਹੇਰਾਂ )-ਥਾਣਾ ਸੁਧਾਰ ਪੁਲਸ ਪਾਰਟੀ ਨੇ ਮਜ਼ਦੂਰ ਨੂੰ ਘੇਰ ਕੇ ਜ਼ਖਮੀ ਕਰਕੇ ਉਸਦਾ ਮੋਬਾਇਲ ਫੋਨ ਖੋਹਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਕਿਸ਼ਨ ਰਿਸ਼ੀ ਦੇਵ ਵਾਸੀ ਪਿੰਡ ਭੈਣੀ ਦਰੇੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਚਰਨ ਸਿੰਘ ਵਾਸੀ ਧਾਲੀਵਾਲ ਪੱਤੀ ਸੁਧਾਰ ਦੇ ਘਰ ਉਹ ਪਿਛਲੇ 1 ਮਹੀਨੇ ਤੋਂ ਖੇਤ ਮਜ਼ਦੂਰ ਵਜੋਂ ਕੰਮ ਕਰਦਾ ਸੀ। ਕੰਮ ਖਤਮ ਕਰਕੇ ਸ਼ਾਮ ਨੂੰ ਜਦੋਂ ਮੈਂ ਨਹਿਰ ਦੇ ਪੁਲ ਸੁਧਾਰ ਤੋਂ ਪਿੰਡ ਤੁਗਲ ਵਾਲੀ ਸਾਈਡ ’ਤੇ ਖੜ੍ਹਾ ਸੀ ਤਾਂ ਇਸ ਦੌਰਾਨ ਦੋ ਲੜਕੇ ਮੋਟਰਸਾਈਕਲ ’ਤੇ ਆਏ। ਉਨ੍ਹਾਂ ਨੇ ਮੇਰੀ ਪਿੱਠ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਮੇਰੇ ਨਾਲ ਹਥੋ ਪਾਈ ਕਰਕੇ ਮੇਰਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਉਸ ਨੂੰ ਉਸ ਦੇ ਸਾਥੀਆਂ ਨੇ ਹਸਪਤਾਲ ਪਹੁੰਚਾਇਆ। ਕਿਸ਼ਨ ਰਿਸ਼ੀ ਦੇਵ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਉਪਰੰਤ ਮਨਦੀਪ ਸਿੰਘ ਵਾਸੀ ਜੱਸੋਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਸ ਦੇ ਦੂਜੇ ਸਾਥੀ ਦੀ ਭਾਲ ਜਾਰੀ ਹੈ।