ਜਗਰਾਉਂ,20 ਜੂਨ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸ਼ਹਿਰ ਜਗਰਾਉਂ ਵਿਖੇ ਹਿੰਦੂ ਏਕਤਾ ਮੰਚ ਵੱਲੋਂ ਫਿਲਮ ਆਦੀਪੁਰਸ਼ ਦੇ ਵਿਰੋਧ ਵਿਚ ਐਸ ਡੀ ਐਮ ਜਗਰਾਉਂ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿੰਦੂ ਏਕਤਾ ਮੰਚ ਜਗਰਾਉਂ ਦੇ ਪ੍ਰਧਾਨ ਸੰਜੀਵ ਮਲਹੋਤਰਾ ਨੇ ਦੱਸਿਆ ਕਿ ਹਿੰਦੂ ਏਕਤਾ ਮੰਚ ਜਗਰਾਉਂ ਵੱਲੋਂ ਜਗਰਾਉਂ ਦੇ ਲਾਲ ਪੈਲੇਸ ਸਿਨੇਮਾ ਅਤੇ ਸਟਾਰ ਓਮ ਜੀ ਸਿਨੇਮਾ ਵਿੱਚ ਚਲ ਰਹੀ ਫਿਲਮ ਆਦੀਪੁਰਸ਼ ਦੇ ਵਿਰੋਧ ਵਿਚ ਐਸਡੀਐਮ ਜਗਰਾਉਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਇਸ ਫਿਲਮ ਨੂੰ ਸਿਨੇਮਾਘਰਾਂ ਵਿੱਚੋਂ ਤੁਰੰਤ ਹਟਾਉਣ ਦਾ ਅਲਟੀਮੇਟਮ ਦਿੱਤਾ।ਉਨ੍ਹਾਂ ਦੱਸਿਆ ਹੈ ਕਿ ਇਸ ਫਿਲਮ ‘ਚ ਦਿਖਾਏ ਗਏ ਰਾਮਾਇਣ ਦੇ ਕਿਰਦਾਰ, ਉਨ੍ਹਾਂ ਦਾ ਪਹਿਰਾਵਾ ਅਤੇ ਬੋਲ ਠੀਕ ਨਹੀਂ ਹਨ।ਇਸ ਫਿਲਮ ਨੇ ਹਿੰਦੂ ਧਰਮ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ।ਉਨ੍ਹਾਂ ਕਿਹਾ ਕਿ ਸਨਾਤਨ ਦੇ ਕਿਸੇ ਵੀ ਗ੍ਰੰਥ, ਇਤਿਹਾਸ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਫਿਲਮ ਵਿੱਚ ਅਸ਼ਲੀਲ ਅਤੇ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ।ਫਿਲਮ ਵਿੱਚ ਅਜਿਹੇ ਸੰਵਾਦ ਹਨ,ਜੋ ਸਨਾਤਨ ਆਸਥਾ ਅਤੇ ਸਨਾਤਨ ਪ੍ਰੇਮੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਉਂਦੇ ਹਨ।ਫਿਲਮ ‘ਚ ਦਿਖਾਏ ਗਏ ਰਾਮਾਇਣ ਦੇ ਸਾਰੇ ਪਾਤਰ ਰਾਮਾਇਣ ਦੀ ਕਹਾਣੀ ਦੇ ਬਿਲਕੁਲ ਉਲਟ ਹਨ,ਇਹ ਸਾਡੇ ਧਾਰਮਿਕ ਗ੍ਰੰਥਾਂ ਅਤੇ ਸਾਡੇ ਸੱਭਿਆਚਾਰ ‘ਤੇ ਹਮਲਾ ਹੈ।ਉਨ੍ਹਾਂ ਕਿਹਾ ਕਿ ਫਿਲਮਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ,ਅਜਿਹੀਆਂ ਫਿਲਮਾਂ ਜੋ ਸਾਡੇ ਧਾਰਮਿਕ ਗ੍ਰੰਥਾਂ ਦੀ ਕਹਾਣੀ ਨੂੰ ਬਿਲਕੁਲ ਗਲਤ ਅਤੇ ਬੇਅੰਤ ਤਰੀਕੇ ਨਾਲ ਦਰਸਾਉਂਦੀਆਂ ਹਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਧਰਮ ਅਤੇ ਸੱਭਿਆਚਾਰ ਬਾਰੇ ਪੂਰੀ ਤਰ੍ਹਾਂ ਗਲਤ ਪ੍ਰਭਾਵ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਫਿਲਮ ਨੂੰ ਸਿਨੇਮਾਘਰਾਂ ਤੋਂ ਨਾ ਹਟਾਇਆ ਤਾਂ ਸਭ ਹਿੰਦੂ ਜਥੇਬੰਦੀਆਂ ਵੱਲੋਂ ਤਿਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਸੰਜੀਵ ਮਲਹੋਤਰਾ (ਰਿੰਪੀ), ਟੋਨੀ ਵਰਮਾ,ਅਸ਼ਵਨੀ ਕੁਮਾਰ (ਲਾਲਾ), ਨਾਹਰ,ਰਾਹੁਲ ਸ਼ਰਮਾ, ਰੋਹਿਤ ਸ਼ਰਮਾ, ਤਰੁਣ ਕੁਮਾਰ, ਸੋਨੂੰ ਜੈਨ, ਪਰਦੀਪ ਸ਼ਰਮਾ, ਤੁਸ਼ਾਰ ਗੋਇਲ, ਅਮਨ ਕੁਮਾਰ, ਅੰਕੁਸ਼ ਸਹਿਜਪਾਲ, ਚਰਨਜੀਤ ਆਦਿ ਹਾਜ਼ਰ ਸਨ।