ਜਗਰਾਓਂ, 4 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਆਈਲੈਟਸ ਕਰਕੇ ਵਿਆਹ ਤੋਂ ਬਾਅਦ ਆਪਣੇ ਸਹੁਰਿਆਂ ਦੇ ਪੈਸਿਆਂ ’ਤੇ ਕੈਨੇਡਾ ਪੜ੍ਹਨ ਗਈ ਲੜਕੀ ਵੱਲੋਂ ਆਪਣੇ ਪਿਤਾ ਨਾਲ ਮਿਲ ਕੇ ਸਾਜ਼ਿਸ਼ ਰਚ ਤੇ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਸਦਰ ਜਗਰਾਉਂ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਮੱਲੀ ਵਾਸੀ ਪੱਤੀ ਬਾਦਾ ਪਿੰਡ ਕਾਉਂਕੇ ਕਲਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਮੇਰੇ ਲੜਕੇ ਜਗਦੀਪ ਸਿੰਘ ਦਾ ਵਿਆਹ ਵੀਰਪਾਲ ਕੌਰ ਵਾਸੀ ਪਿੰਡ ਤਖਾਣਬੱਧ ਜ਼ਿਲ੍ਹਾ ਮੋਗਾ ਨਾਲ ਤੈਅ ਹੋਇਆ ਸੀ। ਵੀਰਪਾਲ ਕੌਰ ਨੇ ਆਈਲੈਟਸ ਕੀਤਾ ਹੋਇਆ ਸੀ ਅਤੇ ਉਸ ਨੇ ਕੈਨੇਡਾ ਜਾਣਾ ਸੀ। ਦੋਵਾਂ ਪਰਿਵਾਰਾਂ ਦੇ ਵਿਚੋਲੇ ਅਵਤਾਰ ਸਿੰਘ ਨੇ ਜਗਦੀਪ ਸਿੰਘ ਦੇ ਪਰਿਵਾਰ ਨੂੰ ਵੀਰਪਾਲ ਕੌਰ ਨੂੰ ਵਿਦੇਸ਼ ਪੜ੍ਹਨ ਲਈ ਭੇਜਣ ਲਈ ਸਾਰਾ ਖਰਚਾ ਚੁੱਕਣ ਅਤੇ ਵੀਰਪਾਲ ਕੌਰ ਦੇ ਪਰਿਵਾਰ ਨੂੰ ਵੀਰਪਾਲ ਕੌਰ ਵੱਲੋਂ ਕਨੇਡਾ ਪਹੁੰਚ ਕੇ ਜਗਦੀਪ ਸਿੰਘ ਨੂੰ ਕੈਨੇਡਾ ਬੁਲਾ ਕੇ ਉਸ ਦੀ ਪੀਆਰ ਕਰਵਾਉਣ ਦਾ ਫੈਸਲਾ ਕੀਤਾ ਗਿਆ। ਵਿਆਹ ਤੋਂ ਬਾਅਦ ਵੀਰਪਾਲ ਕੌਰ ਆਪਣੇ ਸਹੁਰੇ ਪਰਿਵਾਰ ਦੇ ਪੈਸੇ ਨਾਲ ਕੈਨੇਡਾ ਪਹੁੰਚ ਗਈ। ਪਰ ਉੱਥੇ ਜਾ ਕੇ ਉਸ ਨੇ ਜਗਦੀਪ ਸਿੰਘ ਨੂੰ ਫੋਨ ਕਰਨਾ ਵੀ ਬੰਦ ਕਰ ਦਿੱਤਾ। ਵਿਚੋਲੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਇਸ ਸੰਬੰਧੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਦਿਖਾਇਆ ਤਾਂ ਵੀਰਪਾਲ ਕੌਰ ਨੇ ਆਪਣੇ ਪਤੀ ਜਗਦੀਪ ਸਿੰਘ ਨੂੰ ਕੈਨੇਡਾ ਬੁਲਾਇਆ ਤਾਂ ਪਰ ਉੱਥੇ ਉਹ ਪਤਨੀ ਵਜੋਂ ਉਸ ਨਾਲ ਨਹੀਂ ਰਹੀ ਅਤੇ ਉਸ ਦੀ ਪੀਆਰ ਕਰਵਾਉਣ ਲਈ ਲੋੜੀਂਦੇ ਦਸਤਾਵੇਜ਼ ਵੀ ਨਹੀਂ ਦਿੱਤੇ ਗਏ। ਉਸ ਨੇ ਆਪਣੇ ਪਿਤਾ ਬਲਜਿੰਦਰ ਸਿੰਘ ਨਾਲ ਸਾਜ਼ਿਸ਼ ਤਹਿਤ ਸ਼ਿਕਾਇਤਕਰਤਾ ਦੇ ਪਰਿਵਾਰ ਨਾਲ 28.69 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹਰਨੇਕ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਜਗਰਾਉਂ ਵਿੱਚ ਵੀਰਪਾਲ ਕੌਰ ਅਤੇ ਉਸ ਦੇ ਪਿਤਾ ਬਲਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਤਹਿਤ ਕੇਸ ਦਰਜ ਕੀਤਾ ਗਿਆ।