ਹੁਸ਼ਿਆਰਪੁਰ (ਬੋਬੀ ਸਹਿਜਲ) ਮੁਹੱਲਾ ਰਾਮਗੜ੍ਹ ‘ਚ ਸ਼ੁੱਕਰਵਾਰ ਦੇਰ ਰਾਤ ਰਾਮਗੜ੍ਹ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ,ਇਹ ਕਤਲ ਪੁਰਾਣੀ ਰੰਜਿਸ਼ ‘ਚ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 20 ਸਾਲਾ ਤਨਮਯ ਉਰਫ ਧੰਨਾ ਸਵੇਰੇ 11 ਵਜੇ ਆਪਣੇ ਪਿਤਾ ਨੂੰ ਇਹ ਕਹਿ ਕੇ ਗਿਆ ਸੀ ਕਿ ਕੁਝ ਦੋਸਤ ਆਏ ਹਨ ਤੇ ਉਹ ਉਨ੍ਹਾਂ ਨਾਲ ਕੰਮ ਕਰਨ ਜਾ ਰਿਹਾ ਹੈ। ਥੋੜ੍ਹੀ ਦੇਰ ਬਾਅਦ ਵਾਪਸ ਆ ਜਾਵੇਗਾ। ਪਤਾ ਲੱਗਾ ਹੈ ਕਿ ਉਸ ਦੇ ਦੋਸਤਾਂ ਨੇ ਬਹਾਨੇ ਨਾਲ ਪਹਿਲਾਂ ਉਸ ਨੂੰ ਸ਼ਹਿਰ ਵਿਚ ਇੱਧਰ-ਉਧਰ ਘੁਮਾਇਆ ਤੇ ਬਾਅਦ ਵਿਚ ਉਸ ਦੇ ਇਕ ਦੋਸਤ ਨੇ ਕਿਹਾ ਕਿ ਪੈਟਰੋਲ ਭਰਵਾਉਣਾ ਹੈ ਕਿਉਂਕਿ ਰਾਤ ਜ਼ਿਆਦਾ ਹੋਣ ਕਾਰਨ ਸ਼ਹਿਰ ਦੇ ਸਾਰੇ ਪੈਟਰੋਲ ਪੰਪ ਬੰਦ ਸਨ, ਅਜਿਹੇ ‘ਚ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਫਸਾ ਕੇ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਸਥਿਤ ਰਿਲਾਇੰਸ ਪੈਟਰੋਲ ਪੰਪ ‘ਤੇ ਲਿਜਾਇਆ ਗਿਆ, ਜਿੱਥੇ ਪਹਿਲਾਂ ਹੀ ਕੁਝ ਲੜਕੇ ਖੜ੍ਹੇ ਸਨ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਉਨ੍ਹਾਂ ਲੜਕਿਆਂ ਨੇ ਤਨਮਯ ‘ਤੇ ਹਮਲਾ ਕਰ ਕੇ ਉਸ ਨੂੰ ਚਾਕੂ ਮਾਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਲਹੂ-ਲੁਹਾਣ ਛੱਡ ਕੇ ਸਾਰੇ ਮੁਲਜ਼ਮ ਉਥੋਂ ਫ਼ਰਾਰ ਹੋ ਗਏ, ਜਿਸ ਦੀ ਸੂਚਨਾ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ ਤੇ ਜ਼ਖਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਹਸਪਤਾਲ ‘ਚ ਸਵੇਰੇ 2 ਵਜੇ ਜ਼ਖ਼ਮੀ ਤਨਯਮ ਦੀ ਮੌਤ ਹੋ ਗਈ, ਪੁਲਿਸ ਨੇ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।