ਜਗਰਾਓਂ, 10 ਜੁਲਾਈ ( ਰਾਜੇਸ਼ ਜੈਨ, ਲਿਕੇਸ਼ ਸ਼ਰਮਾਂ )-ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਦਰਸ਼ਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਏ.ਟੀ.ਐਮ ਬਦਲ ਕੇ ਧੋਖੇ ਨਾਲ ਪੈਸੇ ਠੱਗਣ ਵਾਲੇ ਨੌਸਰਬਾਜ ਨੂੰ ਕਾਬੂ ਕੀਤਾ ਹੈ। ਉਸ ਕੋਲੋਂ ਦੋ ਏਟੀਐਮ ਕਾਰਡ ਅਤੇ 11 ਗ੍ਰਾਮ ਦੀ ਸੋਨੇ ਦੀ ਚੇਨ ਬਰਾਮਦ ਹੋਈ ਹੈ। ਇਸ ਸਬੰਧੀ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਸਿੱਧੂ ਵਾਸੀ ਸੰਧੂ ਪੱਤੀ ਪਿੰਡ ਅਜੀਤਵਾਲ ਜ਼ਿਲ੍ਹਾ ਮੋਗਾ, ਮੌਜੂਦਾ ਵਾਸੀ ਕੋਠੇ ਬੱਗੂ ਜਗਰਾਉਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 8 ਜੁਲਾਈ ਨੂੰ ਐਚ.ਡੀ.ਐਫ.ਸੀ. ਆਪਣੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਲਈ ਜਗਰਾਉਂ ਦੇ ਬੈਂਕ ਏਟੀਐਮ ਰੂਮ ਵਿ’ਚੋਂ ਪੈਸੇ ਕਢਵਾਉਣ ਗਿਆ ਸੀ। ਜਦੋਂ ਉਹ ਏ.ਟੀ.ਐਮ ਮਸ਼ੀਨ ’ਚੋਂ ਪੈਸੇ ਕਢਵਾਉਣ ਲੱਗਾ ਤਾਂ ਮੇਰੇ ਕਈ ਵਾਰ ਕੋਸ਼ਿਸ਼ ਕਰਨ ’ਤੇ ਵੀ ਕਿਸੇ ਕਾਰਨ ਪੈਸੇ ਨਹੀਂ ਨਿਕਲੇ ਤਾਂ ਉਸ ਸਮੇਂ ਉਸੇ ਕੈਬਿਨ ’ਚ ਮੇਰੇ ਪਿੱਛੇ ਇਕ ਨੌਜਵਾਨ ਖੜ੍ਹਾ ਸੀ। ਜਿਸ ਨੇ ਮੈਨੂੰ ਕਿਹਾ ਕਿ ਮੈਂ ਬੈਂਕ ਦਾ ਕਰਮਚਾਰੀ ਹਾਂ, ਮੈਂ ਪੈਸੇ ਕਢਵਾਉਣ ਵਿੱਚ ਤੁਹਾਡੀ ਮਦਦ ਕਰਾਂਗਾ। ਉਸ ਨੇ ਮੇਰੇ ਪਾਸੋਂ ਏਟੀਐਮ ਕਾਰਡ ਲੈ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਪੈਸੇ ਨਹੀਂ ਨਿਕਲਣ ਬਾਰੇ ਕਹਿ ਕੇ ਉਸਨੇ ਏ.ਟੀ.ਐਮ ਮਸ਼ੀਨ ਵਿਚੋਂ ਕਾਰਡ ਕੱਢ ਕੇ ਮੈਨੂੰ ਦੇ ਦਿੱਤਾ ਅਤੇ ਚਲਾ ਗਿਆ। ਕੁਝ ਸਮੇਂ ਬਾਅਦ ਮੇਰੇ ਮੋਬਾਈਲ ’ਤੇ ਲਗਾਤਾਰ ਮੈਸੇਜ ਆਉਣ ਲੱਗੇ, ਜਿਸ ’ਚ ਮੇਰੇ ਖਾਤੇ ’ਚੋਂ 25 ਹਜ਼ਾਰ ਰੁਪਏ ਕਢਵਾ ਲਏ ਗਏ। ਬੈਂਕ ਵਿੱਚ ਛੁੱਟੀ ਹੋਣ ਕਾਰਨ ਮੈਂ ਆਪਣੇ ਲੜਕੇ ਨਵਜੋਤ ਸਿੰਘ ਨੂੰ ਮੌਕੇ ’ਤੇ ਫ਼ੋਨ ਕੀਤਾ ਅਤੇ ਆਪਣੇ ਫ਼ੋਨ ਤੋਂ ਬੈਂਕ ਦੇ ਟੋਲ ਫ਼ਰੀ ਨੰਬਰ ’ਤੇ ਫ਼ੋਨ ਕਰਕੇ ਏ.ਟੀ.ਐਮ ਬੰਦ ਕਰਵਾ ਦਿੱਤਾ।, ਪਰ ਉਸੇ ਸਮੇਂ ਮੇਰੇ ਖਾਤੇ ’ਚੋਂ 74,300 ਰੁਪਏ ਹੋਰ ਕਢਵਾਉਣ ਦਾ ਸੁਨੇਹਾ ਆਇਆ। ਜਦੋਂ ਮੈਂ ਮੈਸੇਜ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਨੌਸਰਬਾਜ਼ ਨੇ ਝਾਂਸੀ ਰਾਣੀ ਚੌਕ ਨੇੜੇ ਬੈਂਕ ਵਿੱਚ ਲੱਗੀ ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾ ਲਏ ਸਨ। ਲੱਖੇ ਵਾਲੇ ਬਾਬੂ ਰਾਮ ਦੇ ਸੁਨਿਆਰੇ ਦੀ ਦੁਕਾਨ ਤੋਂ ਮੇਰਾ ਏਟੀਐਮ ਕਾਰਡ ਬਦਲ ਕੇ 25000 ਕਢਵਾ ਲਏ ਸਨ ਅਤੇ 74300 ਰੁਪਏ ਖਰਚ ਕੀਤੇ ਸਨ। ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਮੇਰੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਵਾਲੇ ਵਿਅਕਤੀ ਦਾ ਨਾਂ ਸੁਮਿਤ ਕੁਮਾਰ ਵਾਸੀ ਮੁਹੱਲਾ ਕੋਟ ਮੰਗਲ ਥਾਣਾ ਢਾਬਾ, ਲੁਧਿਆਣਾ ਮੌਜੂਦਾ ਰਿਹਾਇਸ਼ ਗੁਰੂ ਅੰਗਦ ਦੇਵ ਕਾਲੋਨੀ ਮਿਲਰ ਗੰਜ ਲੁਧਿਆਣਾ ਹੈ। ਜਿਸਦੇ ਖ਼ਿਲਾਫ਼ ਪਹਿਲਾਂ ਵੀ ਲੋਕਾਂ ਦੇ ਏਟੀਐਮ ਕਾਰਡ ਬਦਲ ਕੇ ਉਨ੍ਹਾਂ ਦੇ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੇ ਦੋਸ਼ ਹੇਠ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ। ਸੁਮਿਤ ਕੁਮਾਰ ਦੇ ਵਾਲ ਕੱਟੇ ਹੋਏ ਹਨ ਪਰ ਉਹ ਆਪਣੀ ਪਛਾਣ ਛੁਪਾਉਣ ਲਈ ਸਿਰ ’ਤੇ ਪੱਗ ਬੰਨ੍ਹ ਕੇ ਸਰਦਾਰ ਦਾ ਭੇਸ ਬਣਾ ਕੇ ਐਨਕਾਂ ਲਗਾ ਕੇ ਬੈਂਕਾਂ ਦੀ ਏ.ਟੀ.ਐਮ ਮਸ਼ੀਨ ਦੇ ਕੈਬਿਨ ’ਚ ਪਹੁੰਚ ਜਾਂਦਾ ਹੈ ਅਤੇ ਭੋਲੇ-ਭਾਲੇ ਲੋਕਾਂ ਨਾਲ ਏ.ਟੀ.ਐਮ ਕਾਰਡ ਅਤੇ ਪਾਸਵਰਡ ਬਦਲ ਕੇ ਨੋਟ ਲੈ ਕੇ ਠੱਗੀ ਮਾਰਦਾ ਹੈ। ਉਹ ਬੈਂਕ ਦਾ ਕਰਮਚਾਰੀ ਹੋਣ ਦਾ ਬਹਾਨਾ ਲਗਾ ਕੇ ਲੋਕਾਂ ਨੂੰ ਠੱਗਦਾ ਹੈ। ਇਸ ਸੂਚਨਾ ’ਤੇ ਪੁਲਿਸ ਪਾਰਟੀ ਵੱਲੋਂ ਸੁਮਿਤ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ ਮੱਖਣ ਸਿੰਘ ਦੇ ਪੈਸਿਆਂ ’ਤੇ ਖਰੀਦੀ ਸੋਨੇ ਦੀ ਚੇਨ ਅਤੇ ਦੋ ਏ.ਟੀ.ਐਮ ਕਾਰਡ ਬਰਾਮਦ ਕੀਤੇ ਗਏ ਹਨ। ਅਦਾਲਤ ’ਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।