Home Education ਅਧਿਆਪਕ ਨੀਲੂ ਸੱਗੂ ਨੂੰ ਪ੍ਰਧਾਨ ਮੰਤਰੀ ਨੇ ਭੇਜਿਆ ਪ੍ਰਸ਼ੰਸਾ ਪੱਤਰ

ਅਧਿਆਪਕ ਨੀਲੂ ਸੱਗੂ ਨੂੰ ਪ੍ਰਧਾਨ ਮੰਤਰੀ ਨੇ ਭੇਜਿਆ ਪ੍ਰਸ਼ੰਸਾ ਪੱਤਰ

45
0


ਜਗਰਾਓਂ, 18 ਜੁਲਾਈ ( ਵਿਕਾਸ ਮਠਾੜੂ )-ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਅਧਿਆਪਕਾਂ ਨਾਲ ਸਮੂਹਿਕ ਤੌਰ ਤੇ ਆਨ ਲਾਇਨ ‘‘ ਪ੍ਰੀਕਸ਼ਾਂ ਪੇ ਚਰਚਾ ’’ ਪ੍ਰੋਗਰਾਮ ਤਹਿਤ ਸੈਕਰਡ ਹਾਰਟ ਕਾਨਵੇਂਟ ਸਕੂਲ ਜਗਰਾਓਂ ਦੀ ਅਧਿਆਪਕ ਨੀਲੂ ਸੱਗੂ ਨੇ ਵੀ ਭਾਗ ਲਿਆ ਅਤੇ ਪ੍ਰਧਾਨ ਮੰਤਰੀ ਨਾਲ ਸਿੱਖਿਆ ਨੂੰ ਲੈ ਕੇ ਸੰਵਾਦ ਸਾਂਝਾ ਕੀਤਾ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਸਤਖਤਾਂ ਹੇਠ ਇੱਕ ਪ੍ਰਸ਼ੰਸਾ ਪੱਤਰ ਭੇਜਿਆ ਗਿਆ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ‘‘ ਪ੍ਰੀਕਸ਼ਾਂ ਪੇ ਚਰਚਾ ’’ ਪ੍ਰੋਗਰਾਮ ਦੇ ਤਹਿਤ, ਮੈਨੂੰ ਤੁਹਾਡੇ ਅਤੇ ਤੁਹਾਡੇ ਵਰਗੇ ਮੇਰੇ ਅਧਿਆਪਕ ਸਹਿਯੋਗੀਆਂ ਤੋਂ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ, ਮੈਂ ਇਸ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਉਨ੍ਹਾਂ ਲਿੱਖਆ ਹੈ ਕਿ ਇਕ ਵਿਦਿਆਰਥੀ ਦੇ ਜੀਵਨ ਵਿਚ ਅਧਿਆਪਕ ਉਸ ਪ੍ਰਕਾਸ਼ ਪੁੰਜ ਵਾਂਗ ਹੁੰਦਾ ਹੈ ਜੋ ਉਨ੍ਹਾਂ ਨੂੰ ਸੁਪਨੇ ਦੇਖਣਾ ਅਤੇ ਉਨ੍ਹਾਂ ਸੁਪਨਿਆਂ ਨੂੰ ਸੰਕਲਪਾਂ ਵਿੱਚ ਬਦਲ ਕੇ ਸੁਪਨਿਆਂ ਨੂੰ ਸਾਕਾਰ ਕਰਨਾ ਸਿਖਾਉਂਦੇ ਹਨ। ਪ੍ਰਧਾਨ ਮੰਤਰੀ ਨੇ ਪੱਤਰ ਵਿੱਚ ਲਿਖਿਆ ਕਿ ਬਦਲਦੇ ਸਮੇਂ ਦੌਰਾਨ ਨੌਜਵਾਨਾਂ ਲਈ ਖੇਡਾਂ, ਤਕਨਾਲੋਜੀ, ਇਨੋਵੇਸ਼ਨ ਅਤੇ ਸਟਾਰਟਅੱਪ ਸਮੇਤ ਕਈ ਹੋਰ ਵਿਕਲਪ ਸਾਹਮਣੇ ਆਏ ਹਨ। ਜਿਨ੍ਹਾਂ ਦੀਆਂ ਬੇਅੰਤ ਸੰਭਾਵਨਾਵਾਂ ਹਨ। ਅਜਿਹੇ ਹਰੇਕ ਵਿਦਿਆਰਥੀ ਨੂੰ ਆਪਣੀ ਸਮਪੱਥਾ ਅਨੁਸਾਰ ਬਿਹਤਰੀਨ ਉਪਯੋਗ ਕਰਦੇ ਹੋਏ ਖੁਦ ਅਤੇ ਦੇਸ਼ ਲਈ ਇਕ ਸੁਪਨਾ ਦੇਖਣਾ ਅਤੇ ਉਸਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਨ ਵਿਚ ਅਧਿਆਪਕਾਂ ਦਾ ਵਡਮੁੱਲਾ ਮਾਰਗਦਰਸ਼ਨ ਨਿਰਣਾਇਕ ਹੋਵੇਗਾ। ਹੁਣ ਤੋਂ 2047 ਤੱਕ ਦੇਸ਼ ਦੀ ਆਜ਼ਾਦੀ ਦੀ ਸ਼ਤਾਬਦੀ ਵਰ੍ਹੇ ਤੱਕ ਸਾਡੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਇੱਕ ਸ਼ਾਨਦਾਰ ਅਤੇ ਵਿਕਸਤ ਭਾਰਤ ਦੇ ਨਿਰਮਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਡੇ ਅਧਿਆਪਕ ਸਾਥੀ ਨੌਜਵਾਨਾਂ ਨੂੰ ਆਉਣ ਵਾਲੇ 25 ਸਾਲਾਂ ਵਿੱਚ ਆਪਣੇ ਟੀਚਿਆਂ ਨੂੰ ਦੇਸ਼ ਦੀ ਤਰੱਕੀ ਨਾਲ ਜੋੜਦੇ ਹੋਏ ਦੇਸ਼ ਅਤੇ ਸਮਾਜ ਲਈ ਤਨ-ਮਨ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਗੇ। ਅਖੀਰ ਵਿੱਚ ਉਨ੍ਹਾਂ ਲਿਖਿਆ ਕਿ ਤੁਹਾਡੇ ਵਿਚਾਰਾਂ ਲਈ ਇੱਕ ਵਾਰ ਫਿਰ ਧੰਨਵਾਦ ਕਰਦੇ ਹੋਏ, ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਜਗਰਾਓਂ ਦੀ ਅਧਿਆਪਕ ਨੀਲੂ ਸੱਗੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭੇਜੇ ਗਏ ਪ੍ਰਸੰਸ਼ਾ ਪੱਤਰ ਤੇ ਅਦਾਰਾ ‘‘ ਡੇਲੀ ਜਗਰਾਓਂ ਨਿਊਜ਼ ’’ ਦੀ ਸਮੁੱਚੀ ਟੀਮ ਉਨ੍ਹਾਂ ਨੂੰ ਵਧਾਈ ਦਿੰਦੀ ਹੈ ਅਤੇ ਕਾਮਨਾ ਕਰਦੀ ਹੈ ਕਿ ਉਹ ਪ੍ਰਧਾਨ ਮੰਤਰੀ ਵਲੋਂ ਦੇਸ਼ ਦੇ ਅਧਿਆਪਕ ਵਰਗ ਤੋਂ ਜੋ ਉਮੀਦ ਜਤਾਈ ਗਈ ਹੈ ਉਸਨੂੰ ਪੂਰਾ ਕਰਨ ਵਿਚ ਉਹ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।

LEAVE A REPLY

Please enter your comment!
Please enter your name here