ਜਗਰਾਉਂ, 18 ਜੁਲਾਈ ( ਜਗਰੂਪ ਸੋਹੀ )-ਪੁੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ, 40 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 75 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸਿੱਧਵਾਂਬੇਟ ਦੇ ਏ ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਕਿਸ਼ਨਪੁਰਾ ਚੌਂਕ ਸਿੱਧਵਾਂਬੇਟ ਵਿਖੇ ਮੌਜੂਦ ਸਨ। ਜਿੱਥੇ ਇਤਲਾਹ ਮਿਲੀ ਕਿ ਅਮਨਜੋਤ ਕੌਰ ਉਰਫ਼ ਅਮਨ ਵਾਸੀ ਪਿੰਡ ਭੂੰਦੜੀ ਨੇੜਲੇ ਪਿੰਡਾਂ ਵਿੱਚ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ। ਜੋ ਮੇਨ ਰੋਡ ਤਲਵਾੜਾ ਬੱਸ ਸਟੈਂਡ ’ਤੇ ਹੈਰੋਇਨ ਸਮੇਤ ਗ੍ਰਾਹਕਾਂ ਦੀ ਉਡੀਕ ਕਰ ਰਹੀ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਅਮਨਜੋਤ ਕੌਰ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਜੋਧਾ ਦੇ ਏ.ਐਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਪਿੰਡ ਘੁਗਰਾਣਾ ਵੱਲ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਪੁਲ ਸੂਆ ਘੁਗਰਾਣਾ ਨੇੜੇ ਪਹੁੰਚੀ ਤਾਂ ਉਥੇ ਇਕ ਵਿਅਕਤੀ ਪਲਾਸਟਿਕ ਦੀ ਕੈਨੀ ਲੈ ਕੇ ਖੜ੍ਹਾ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਜਿਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਿਆ ਗਿਆ ਅਤੇ ਪੁੱਛਣ ’ਤੇ ਉਸ ਨੇ ਆਪਣਾ ਨਾਂ ਲਖਬੀਰ ਸਿੰਘ ਉਰਫ ਜੱਸਾ ਵਾਸੀ ਪਿੰਡ ਘੁਗਰਾਣਾ ਥਾਣਾ ਜੋਧਾ ਦੱਸਿਆ ਅਤੇ ਜਦੋਂ ਉਸ ਪਾਸ ਫੜੀ ਹੋਈ ਪਲਾਸਟਿਕ ਦੀ ਕੇਨੀ ਦੀ ਚੈਕਿੰਗ ਕੀਤੀ ਗਈ ਤਾਂ ਉਸ ’ਚੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਪੁਲੀਸ ਚੌਕੀ ਗਾਲਿਬ ਕਲਾਂ ਦੇ ਇੰਚਾਰਜ ਏਐਸਆਈ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਮੇਨ ਚੌਕ ਗਾਲਿਬ ਕਲਾਂ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਮੌਜੂਦ ਇੱਕ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਕਾਬੂ ਕਰਕੇ ਪੁੱਛਣ ’ਤੇ ਉਸ ਨੇ ਆਪਣਾ ਨਾਂ ਗੁਰਨਾਮ ਸਿੰਘ ਉਰਫ ਗਾਮਾ ਵਾਸੀ ਪਿੰਡ ਗਾਲਿਬ ਖੁਰਦ, ਮੌਜੂਦਾ ਵਾਸੀ ਗਾਲਿਬ ਕਲਾਂ ਦੱਸਿਆ। ਉਸ ਦੀ ਤਲਾਸ਼ੀ ਲੈਣ ’ਤੇ ਲਿਫਾਫੇ ’ਚੋਂ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।