ਭੱਜਣ ਦੀ ਕੋਸ਼ਿਸ਼ ’ਚ ਇਕ ਵਿਅਕਤੀ ਦੇ ਉੱਪਰ ਚੜ੍ਹਾਈ ਕਾਰ
ਸੁਧਾਰ, 23 ਜੁਲਾਈ (ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰਾਂ ਅਤੇ ਪੁਲਿਸ ਤੋਂ ਕਿਸੇ ਕਿਸਮ ਦੀ ਉਮੀਦ ਛੱਡ ਕੇ ਲੋਕ ਖੁਦ ਹੀ ਨਸ਼ਾ ਤਸਕਰਾਂ ਦੇ ਸਾਹਮਣੇ ਆਉਣ ਲੱਗੇ ਹਨ। ਜਿਸ ਦੀ ਮਿਸਾਲ ਥਾਣਾ ਸੁਧਾਰ ਅਧੀਨ ਪੈਂਦੇ ਹਲਵਾਰਾ ਵਿੱਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਤਿੰਨ ਵਿਅਕਤੀ ਬ੍ਰਿਜ ਕਾਰ ਵਿੱਚ ਨਸ਼ੇ ਦੀ ਸਪਲਾਈ ਕਰਨ ਪੁੱਜੇ। ਪਿੰਡ ਵਾਸੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਾਰ ਸਵਾਰਾਂ ਨੂੰ ਘੇਰ ਲਿਆ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਗੱਡੀ ਇਕ ਵਿਅਕਤੀ ਉੱਪਰ ਚੜ੍ਹਾ ਦਿਤੀ। ਜਿਸ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀਂ ਹੋ ਗਿਆ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਲੋਕਾਂ ਦਾ ਗੁੱਸਾ ਦੇਖ ਉਹ ਕਾਰ ਛੱਡ ਕੇ ਪਿੰਡ ਬੁਰਜ ਲਿੱਟਾਂ ਵੱਲ ਭੱਜੇ ਤਾਂ ਪਿੰਡ ਬੁਰਜ ਲਿੱਟਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਫੜ ਲਿਆ ਅਤੇ ਬੰਨ੍ਹ ਕੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਸੁਧਾਰ ਦੇ ਇੰਚਾਰਜ ਇੰਸਪੈਕਟਰ ਸ਼ਰਨਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਉਹ ਚੈਕਿੰਗ ਲਈ ਬਲਾਕ ਰੋਡ ਸੁਧਾਰ ’ਤੇ ਮੌਜੂਦ ਸਨ। ਉੱਥੇ ਸੁਖਵਿੰਦਰ ਸਿੰਘ ਵਾਸੀ ਹਲਵਾਰਾ ਨੇ ਦੱਸਿਆ ਕਿ ਬੁਰਜ ਲਿੱਟਾਂ ਪਿੰਡ ’ਚ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੋਇਆ ਹੈ। ਜਦੋਂ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤਾਂ ਉਥੇ 3 ਲੜਕੇ ਬੰਨ੍ਹੇ ਹੋਏ ਸਨ। ਉਸ ਦੀ ਬ੍ਰਿਜਾ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਇਕ ਟਾਇਰ ਫਟਿਆ ਹੋਇਆ ਸੀ। ਫੜੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਬਿੰਦਾ ਵਾਸੀ ਚੋੰਦਾ ਪੱਤੀ ਡਾਲਾ ਜ਼ਿਲ੍ਹਾ ਮਾਲੇਰਕੋਟਲਾ, ਜਸ਼ਨਦੀਪ ਸਿੰਘ ਉਰਫ਼ ਜਸ਼ਨ ਅਤੇ ਜੋਬਨਪ੍ਰੀਤ ਸਿੰਘ ਵਾਸੀ ਬੇਰ ਕਲਾਂ ਥਾਣਾ ਪਾਇਲ ਵਜੋਂ ਹੋਈ ਹੈ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਬਲਵਿੰਦਰ ਸਿੰਘ ਦੀ ਜੇਬ ’ਚੋਂ ਇਕ ਪਾਰਦਰਸ਼ੀ ਲਿਫਾਫਾ ਬਰਾਮਦ ਹੋਇਆ। ਜਦੋਂ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।