ਜਗਰਾਓਂ, 24 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ) -ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜਿਲਾ ਕਮੇਟੀ ਮੀਟਿੰਗ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਨ ਤੇ ਕੋਠੀ ਮਾਫੀਏ ਖਿਲਾਫ ਕਨੂੰਨੀ ਕਾਰਵਾਈ ਕਰਵਾਉਣ ਲਈ ਰੱਖੇ ਐਸ ਐਸ ਪੀ ਦਫਤਰ ਦੇ ਘਿਰਾਓ ਚ ਉਨਾਂ ਦੀ ਜਥੇਬੰਦੀ ਪੂਰੇ ਜੋਰ ਸ਼ੋਰ ਨਾਲ ਵੱਡੀ ਗਿਣਤੀ ਚ ਸ਼ਾਮਲ ਹੋਵੇਗੀ। ਮੀਟਿੰਗ ਵਿੱਚ ਜਿਲਾ ਪੁਲਿਸ ਮੁਖੀ ਨੂੰ ਦੋ ਵਾਰ ਮਿਲਣ ਦੇ ਬਾਵਜੂਦ ਜਨਤਕ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਨੂੰ ਮੀਟਿੰਗ ਨਾ ਦੇਣ ਦੇ ਵਤੀਰੇ ਤੇ ਅਫਸੋਸ ਪ੍ਰਗਟ ਕੀਤਾ ਗਿਆ। ਮੀਟਿੰਗ ਵਿਚ ਇਸ ਮਾਮਲੇ ਚ ਸਿਟ ਬਨਾਉਣ ਦੇ ਬਾਵਜੂਦ ਅਜੇ ਤਕ ਕੋਈ ਕਨੂੰਨੀ ਕਾਰਵਾਈ ਨਾ ਹੋਣ ਤੇ ਵੀ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਮੀਟਿੰਗ ਵਿੱਚ ਚਰਚਾ ਤੋਂ ਬਾਅਦ ਸਵਾਲ ਕੀਤਾ ਗਿਆ ਕਿ ਕੀ ਇਕ ਕਿਰਾਏਦਾਰ ਕੋਠੀ ਚ ਲੱਖਾਂ ਰੁਪਏ ਖਰਚ ਕੇ ਨਕਸ਼ਾ ਬਦਲ,ਸਕਦਾ ਹੈ, ਹੋਰ ਉਸਾਰੀ ਕਰਨ ਦਾ ਅਧਿਕਾਰ ਰਖਦਾ ਹੈ।ਉਨਾਂ ਕਿਹਾ ਹਿ ਇਸ ਕੇਸ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਦਾ ਦੋਸ਼ ਚਿੱਟੇ ਦਿਨ ਵਾਂਗ ਸਾਫ ਹੈ ਪਰ ਪਰਚਾ ਦਰਜ ਹੋਣ ਦੇ ਬਾਵਜੂਦ ਅਜੇ ਤਕ ਦੋਸ਼ੀ ਅਸ਼ੋਕ ਕੁਮਾਰ ਦੀ ਗਿਰਫਤਾਰੀ ਨਹੀਂ ਹੋ ਸਕੀ। ਉਨਾਂ ਇਲਾਕਾ ਵਿਧਾਇਕਾ ਵਲੋਂ ਅਪਣੇ ਆਪ ਨੂੰ ਨਿਰਦੋਸ਼ ਦੱਸਣ ਨੂੰ ਵੀ ਹਾਸੋਹੀਣਾ ਕਰਾਰ ਦਿੱਤਾ।
ਮੀਟਿੰਗ ਵਿੱਚ 12 ਅਗਸਤ ਨੂੰ ਮਹਿਲਕਲਾਂ ਵਿਖੇ ਸ਼ਹੀਦ ਬੱਚੀ ਕਿਰਨਜੀਤ ਦੇ ਬਰਸੀ ਸਮਾਗਮ ਚ ਵੀ ਜੋਰਸ਼ੋਰ ਨਾਲ ਪੰਹੁਚਣ ਦਾ ਫੈਸਲਾ ਕੀਤਾ ਗਿਆ। ਇਕ ਅੱਡ ਮਤੇ ਰਾਹੀਂ ਏ ਪੀ ਰਿਫਾਇਨਰੀ ਤਪੜ ਹਰਨੀਆਂ ਫੈਕਟਰੀ ਦੀ ਜਾਂਚ ਰਿਪੋਰਟ ਅਜੇ ਤੱਕ ਨਾ ਆਉਣ ਤੇ ਵੀ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਨੇ ਇਸ ਮਸਲੇ ਤੇ ਚਲਣ ਵਾਲੇ ਸਾਂਝੇ ਸੰਘਰਸ਼ ਚ ਵੀ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਮੀਟਿੰਗ ਵਿੱਚ ਦੇਵਿੰਦਰ ਸਿੰਘ ਕਾਉਂਕੇ,ਬੇਅੰਤ ਸਿੰਘ ਬਾਣੀਏਵਾਲ, ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਗੁਰਮੇਲ ਸਿੰਘ ਭਰੋਵਾਲ, ਪਾਲ ਸਿੰਘ ਡੱਲਾ, ਸਾਬਕਾ ਸਰਪੰਚ ਬਹਾਦਰ ਸਿੰਘ ਡੱਲਾ, ਤਰਸੇਮ ਸਿੰਘ ਬੱਸੂਵਾਲ ਸ਼ਾਮਲ ਸਨ।