ਲੁਧਿਆਣਾ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਮੁੰਨਾ ਭਾਈ ਐਮਬੀਬੀਐਸ ਫ਼ਿਲਮ ਦੀ ਤਰਜ਼ ‘ਤੇ ਪ੍ਰੀਖਿਆ ਭਵਨ ‘ਚ ਕਿਸੇ ਹੋਰ ਦਾ ਪੇਪਰ ਦੇਣ ਪਹੁੰਚੇ ਮੁਲਜ਼ਮ ਨੂੰ ਥਾਣਾ ਦਰੇਸੀ ਦੀ ਪੁਲਿਸ ਨੇ ਮੌਕੇ ‘ਤੇ ਹਿਰਾਸਤ ‘ਚ ਲੈ ਲਿਆ ਹੈ। ਦਰਅਸਲ ਸ਼ੱਕ ਪੈਣ ‘ਤੇ ਪ੍ਰੀਖਿਆ ਭਵਨ ਦੇ ਕੰਟਰੋਲਰ ਤੇ ਉਨ੍ਹਾਂ ਦੀ ਟੀਮ ਨੇ ਜਦ ਬਾਇਓਮੈਟ੍ਰਿਕ ਮਸ਼ੀਨ ਦੀ ਪੜਤਾਲ ਕੀਤੀ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋਇਆ। ਇਸ ਮਾਮਲੇ ‘ਚ ਥਾਣਾ ਦਰੇਸੀ ਦੀ ਪੁਲਿਸ ਨੇ ਐਸਐਸਐਸ ਸੇਖੇਵਾਲ ਸਕੂਲ ਸੇਖੇਵਾਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਫਿਰੋਜ਼ਪੁਰ ਦੇ ਰਹਿਣ ਵਾਲੇ ਹਰਨੇਕ ਸਿੰਘ ਤੇ ਰਾਜ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਕੇ ਹਰਨੇਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ‘ਚ ਕਲਰਕ ਦੀਆਂ ਅਸਾਮੀਆਂ ਪੂਰੀਆਂ ਕਰਨ ਲਈ ਪ੍ਰੀਖਿਆ ਚੱਲ ਰਹੀ ਹੈ। ਇਕ ਪ੍ਰੀਖਿਆ ਸੈਂਟਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੇਖੇਵਾਲ ਵੀ ਬਣਾਇਆ ਗਿਆ ਹੈ, ਜਿਸ ਦਾ ਕੰਟਰੋਲ ਨਰੇਸ਼ ਕੁਮਾਰ ਦੇਖ ਰਹੇ ਸਨ। ਨਰੇਸ਼ ਕੁਮਾਰ ਨੇ ਦੱਸਿਆ ਕਿ ਖੁਦ ਨੂੰ ਫ਼ਿਰੋਜ਼ਪੁਰ ਦਾ ਵਾਸੀ ਰਾਜ ਸਿੰਘ ਦੱਸਣ ਵਾਲਾ ਵਿਅਕਤੀ ਰਾਜ ਸਿੰਘ ਦਾ ਆਧਾਰ ਕਾਰਡ ਦਿਖਾ ਕੇ ਪ੍ਰੀਖਿਆ ਭਵਨ ਦੇ ਅੰਦਰ ਦਾਖਲ ਹੋਇਆ। ਪ੍ਰੀਖਿਆ ਦੇਣ ਤੋਂ ਪਹਿਲੋਂ ਉਸਨੇ ਬਾਇਓਮੈਟ੍ਰਿਕ ਮਸ਼ੀਨ ‘ਚ ਅੰਗੂਠਾ ਲਗਾਇਆ। ਮਸ਼ੀਨ ਵਲੋਂ ਸ਼ੱਕ ਜ਼ਾਹਿਰ ਕਰਨ ‘ਤੇ ਜਦ ਉਸ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਰਾਜ ਸਿੰਘ ਦੀ ਜਗ੍ਹਾ ਪੇਪਰ ਦੇਣ ਲਈ ਫਿਰੋਜ਼ਪੁਰ ਦਾ ਰਹਿਣ ਵਾਲਾ ਹਰਨੇਕ ਸਿੰਘ ਆਇਆ ਸੀ। ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਥਾਣਾ ਦਰੇਸੀ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮੌਕੇ ‘ਤੇ ਪਹੁੰਚੇ ਜਦ ਜਾਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਰਨੇਕ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਨੇ ਰਾਜ ਸਿੰਘ ਅਤੇ ਹਰਨੇਕ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਰਾਜ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।