ਜਗਰਾਉ, 13 ਅਗਸਤ ( ਬੌਬੀ ਸਹਿਜਲ, ਧਰਮਿੰਦਰ )-ਜਗਰਾਉਂ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ’ਚ ਹੈਰੋਇਨ ਸਪਲਾਈ ਕਰਨ ਜਾ ਰਹੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਦਕਿ ਇਨ੍ਹਾਂ ਦਾ ਇੱਕ ਸਾਥੀ ਅਜੇ ਫਰਾਰ ਹੈ। ਸੀਆਈਏ ਸਟਾਫ਼ ਤੋਂ ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਬੱਸ ਸਟੈਂਡ ਪਿੰਡ ਢੋਲਣ ਵਿਖੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਅਮਨਪ੍ਰੀਤ ਸਿੰਘ ਉਰਫ ਬੰਟੀ ਵਾਸੀ ਚਰਚ ਵਾਲੀ ਗਲੀ ਜਗਰਾਉਂ ਅਤੇ ਸੋਨੂੰ ਵਾਸੀ ਕੋਠੇ ਸ਼ੇਰ ਜੰਗ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਵਿਅਕਤੀ ਲਖਬੀਰ ਸਿੰਘ ਵਾਸੀ ਕੋਠੇ ਸ਼ੇਰ ਜੰਗ ਤੋਂ ਟੋਇਟਾ ਕੋਰੋਲਾ ਕਾਰ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਲੈ ਕੇ ਜਗਰਾਉਂ ਦੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਨ ਜਾ ਰਹੇ ਹਨ। ਇਸ ਸੂਚਨਾ ’ਤੇ ਰਾਏਕੋਟ ਰੋਡ ’ਤੇ ਨਾਕਾਬੰਦੀ ਕਰਕੇ ਅਮਨਪ੍ਰੀਤ ਸਿੰਘ ਉਰਫ਼ ਬੰਟੀ ਅਤੇ ਸੋਨੂੰ ਨੂੰ ਟੋਇਟਾ ਕੋਰੋਲਾ ਗੱਡੀ ’ਚ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਦਕਿ ਲਖਬੀਰ ਸਿੰਘ ਵਾਸੀ ਕੋਠੇ ਸ਼ੇਰਜੰਗ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।