Home Religion 1 ਨਵੰਬਰ , ਗਦਰ ਪਾਰਟੀ ਸਥਾਪਨਾ ਦਿਵਸ ਤੇ ਵਿਸ਼ੇਸ਼

1 ਨਵੰਬਰ , ਗਦਰ ਪਾਰਟੀ ਸਥਾਪਨਾ ਦਿਵਸ ਤੇ ਵਿਸ਼ੇਸ਼

77
0

ਗਦਰ ਲਹਿਰ ਬਨਾਮ ਫਿਰਕਾਪ੍ਰਸਤੀ

ਗਦਰ ਲਹਿਰ ਦਾ ਦੇਸ਼ ਦੀ ਜੰਗੇ ਆਜ਼ਾਦੀ ਚ ਨਿਭਾਈ ਭੂਮਿਕਾ, ਦਿੱਤੀਆਂ ਕੁਰਬਾਨੀਆਂ, ਸਿਰਜਿਆ ਇਤਿਹਾਸ ਭਾਰਤੀ ਲੋਕਾਂ ਦਾ ਵਡਮੁੱਲਾ ਸਰਮਾਇਆ ਹੈ। ਅੰਗਰੇਜੀ ਰਾਜ ਨਾਲ ਟੱਕਰ ਦੀ ਅਮਰ ਗਾਥਾ ਹਰ ਜਿਊਂਦੇ ਦਿਲ ਅਤੇ ਮਨਮੰਦਰ ‘ਚ ਡੂੰਘੀ ਉੱਕਰੀ ਹੋਈ ਹੈ।ਅੰਗਰੇਜੀ ਰਾਜ ਦੀ ਲੁੱਟ ਤੇ ਜਬਰ ਦੇ ਸਤਾਏ ਲੋਕ, ਸੋਕੇ ਤੇ ਕਾਲ ਦੇ ਮਾਰੇ ਭਾਰਤੀ, ਜਬਰੀ ਟੈਕਸ ਉਗਰਾਹੀ ਤੇ ਜਜੀਏ ਮਾਲੀਏ ਦੇ ਭੰਨੇ ਕਿਸਾਨੀ ਦੇ ਜਾਏ ਅਪਣੀ ਜੂਨ ਸਵਾਰਨ ਲਈ ਅੱਜ ਵਾਂਗ ਹੀ ਜਹਾਜੀਂ ਚੜ ਹਜਾਰਾਂ ਦੀ ਗਿਣਤੀ ‘ਚ ਵਤਨੋਂ ਬੇਵਤਨ ਹੋਏ।ਰੁਜ਼ਗਾਰ ਦੀ ਭਾਲ ਜਾਂ ਤਾਂ ਉਹ ਅੰਗਰੇਜੀ ਫੌਜ ‘ਚ ਭਰਤੀ ਹੋ ਜਿੱਥੇ ਜਿੱਥੇ ਵੀ ਅੰਗਰੇਜੀ ਰਾਜ ਸੀ ,ਉਨ੍ਹਾਂ ਮੁਲਕਾਂ ‘ਚ ਪ੍ਰਦੇਸੀ ਹੋਏ ਤੇ ਜਾਂ ਫਿਰ ਕੰਮ ਦੀ ਭਾਲ ‘ਚ ਮਲਾਇਆ, ਫਿਲੀਪੀਨ, ਹਾਂਗਕਾਂਗ, ਫਿਜੀ,ਆਸਟੀਰੀਆ, ਨਿਊਜੀਲੈਂਡ, ਕਨੇਡਾ ,ਅਮਰੀਕਾ ਗਏ। ਵਿਦੇਸ਼ੀ ਧਰਤੀ ‘ਤੇ ਨਾਂਮਾਤਰ ਉਜਰਤਾਂ, ਨਸਲੀ ਨਫ਼ਰਤ ਉਨ੍ਹਾਂ ਦਾ ਨਿਤ ਦਿਨ ਦਾ ਜੀਵਨ ਸੀ। ਭਾਰਤੀ ਕੁੱਤੇ, ਕੁਲੀ, ਗੁਲਾਮ ਹਿੰਦੀ ਦੇ ਸੰਬੋਧਨ ਭਾਰਤੀਆਂ ਨੂੰ ਜਲੀਲ ਕਰਨ ਲਈ ਕਾਫੀ ਸਨ। ਅਜਿਹੀ ਤ੍ਰਾਸਦੀ ‘ਚ ਭਾਰਤੀਆਂ ਵਿਸ਼ੇਸ਼ਕਰ ਪੰਜਾਬੀਆਂ ਨੇ ਸਿਰ ਜੋੜਨੇ ਸ਼ੁਰੂ ਕੀਤੇ, ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਗੁਰਮੁਖ
ਸਿੰਘ ਲਲਤੋਂ ਜਿਹੇ ਦਰਜਨਾਂ ਭਾਰਤੀਆਂ ਨੇ ਇਸ ਹਾਲਤ ਦੀ ਡੂੰਘਾਈ ‘ਚ ਚਰਚਾ ਕਰਦਿਆਂ ਮਿਥ ਲਿਆ ਕਿ ਸਾਨੂੰ ਜਥੇਬੰਦ ਹੋਣਾ ਹੀ ਪਵੇਗਾ।
ਦੇਸੋਂ ਪੈਣ ਧੱਕੇ ਬਾਹਰ ਮਿਲੇ ਢਾਈ ਨਾ
ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ

ਅਜਿਹੀ ਹਾਲਤ ‘ਚ ਸਭ ਤੋਂ ਪਹਿਲਾਂ ਅਮਰੀਕਾ ਵਸੇ ਭਾਰਤੀਆਂ ਨੇ ਅਪਣੀ ਜਥੇਬੰਦੀ ਬਨਾਉਣ ਦਾ ਫੈਸਲਾ ਕੀਤਾ। 21 ਅਪ੍ਰੈਲ 1913 ਨੂੰ ਅਸਟੋਰੀਆ ਦੀ ਇੱਕ ਆਰਾ ਮਿਲ ‘ਚ ਇਕੱਤਰਤਾ ਹੋਈ ਤਾਂ ਵਿਚਾਰ ਵਟਾਂਦਰੇ ਉਪਰੰਤ ਹਿੰਦੀ ਪੈਸੇਫਿਕ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਦੀ ਨੀਂਹ ਰੱਖੀ ਗਈ।
ਅੰਗਰੇਜ਼ੀ ਹਕੂਮਤ ਖਿਲਾਫ਼ ਪਹਿਲੀ ਫੌਜੀ ਬਗਾਵਤ ਨੂੰ 1857 ਦੇ ਗਦਰ ਦਾ ਨਾਂ ਦਿੱਤਾ ਗਿਆ ਸੀ। ਪਹਿਲੇ ਹਥਿਆਰਬੰਦ ਸੁਤੰਤਰਤਾ ਸੰਗਰਾਮ ਨੇ ਇੱਕ ਵੇਰ ਅੰਗਰੇਜ਼ੀ ਸਾਮਰਾਜ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਗਦਰ ਦਾ ਅਰਥ ਬਗਾਵਤ ਯਾਨਿ ਇਨਕਲਾਬ। ਉਸ ਗਦਰ ਤੋਂ ਪ੍ਰੇਰਨਾ ਲੈਂਦਿਆਂ ਦੇਸ਼ ਨੂੰ ਆਜ਼ਾਦ ਕਰਵਾਉਣ, ਲੋਕਾਂ ਨੂੰ ਜਾਗਰੂਕ ਕਰਨ ਲਈ ਹਿੰਦੀ ਪੈਸੇਫਿਕ ਐਸੋਸੀਏਸ਼ਨ ਨੇ ‘ਗਦਰ ਦੀ ਗੂੰਜ’ ਅਖਬਾਰ ਕੱਢਣਾ ਸ਼ੁਰੂ ਕੀਤਾ। ਇਸ ਅਖਬਾਰ ਦੇ ਨਾਮ ਤੋਂ ਇਸ ਜਥੇਬੰਦੀ
ਦਾ ਨਾਂ ਗਦਰ ਪਾਰਟੀ ਮਸ਼ਹੂਰ ਹੋ ਗਿਆ। ਗਦਰ ਦੀ ਗੂੰਜ ਅਖਬਾਰ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਪੂਰੀ ਦੁਨੀਆਂ ‘ਚ ਜਿੱਥੇ ਵੀ ਭਾਰਤੀ ਵਸਦੇ ਸਨ, ਗੁਲਾਮੀ ਖਿਲਾਫ ਆਜ਼ਾਦੀ ਦਾ ਛੱਟਾ ਦਿੱਤਾ। ਵੱਖ-ਵੱਖ ਮੁਲਕਾਂ ‘ਚ ਗਦਰ ਪਾਰਟੀ ਨੇ ਅਪਣੀਆਂ ਬਰਾਂਚਾਂ ਕਾਇਮ ਕੀਤੀਆਂ। ਗਦਰ ਪਾਰਟੀ ਨੇ ਵਿਦੇਸ਼ੀ ਜ਼ਿੰਦਗੀ ਨੂੰ ਠੋਕਰ ਮਾਰ ਦੇਸ਼ ਦੀ ਆਜਾਦੀ ਲਈ ਵਤਨ ਨੂੰ ਚਾਲੇ ਪਾਉਣ ਦਾ ਸੱਦਾ ਦਿੰਦਿਆਂ ਹੋਕਾ ਦਿੱਤਾ ਕਿ ਸਾਡਾ ਦੇਸ਼ ਵੀ ਗੁਲਾਮ ਤੇ ਅਸੀਂ ਇੱਥੇ ਵੀ ਗੁਲਾਮ। ਕਰਤਾਰ ਸਿੰਘ ਸਰਾਭਾ ਇਸ ਗਦਰ ਅੰਦੋਲਨ ਦਾ ਸਭਨਾਂ ‘ਚ ਹਰਮਨ ਪਿਆਰਾ ਬਾਲ ਜਰਨੈਲ ਸੀ। ਜਿਸਨੇ ਕਿਹਾ ਸੀ ‘ਸਾਡਾ ਤਨ ਗਦਰ-
ਸਾਡਾ ਮਨ ਗਦਰ-ਸਾਡਾ ਧਨ ਗਦਰ।’ ਗਦਰ ਪਾਰਟੀ ਦੇ ਮੈਂਬਰਾਂ ਨੇ ਦੇਸ਼ ਦੀਵਾਲੀ ਲਈ ਅਪਣੀਆਂ ਨੌਕਰੀਆਂ, ਪੜਾਈਆਂ, ਜਮੀਨਾਂ, ਕਾਰੋਬਾਰਾਂ ਤੇ ਕਈਆਂ ਨੇ ਬਾਲ ਬੱਚਿਆਂ ਨੂੰ ਤਿਆਗ ਵਤਨ ਨੂੰ ਆਜ਼ਾਦ ਕਰਾਉਣ ਲਈ ਦੇਸ਼ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਦੇਸ਼ ਦੀ ਆਜ਼ਾਦੀ ਲਈ ਬਜ-ਬਜ ਦੇ ਘਾਟ ਤੇ ਪੁਲਸ ਗੋਲੀਆਂ ਨਾਲ ਟੱਕਰ ਲੈਂਦੇ , ਰਸਤ੍
‘ਚ ਗ੍ਰਿਫਤਾਰ ਹੁੰਦੇ , ਅੰਗਰੇਜ਼ ਪੁਲਸ ਤੋਂ ਬਚਦੇ ਬਚਾਉਂਦੇ ਉਹ ਗਦਰੀ ਪੂਰੇ ਦੇਸ਼ ‘ਚ ਫੈਲ ਗਏ। ਫੌਜੀ ਛਾਉਣੀਆਂ ਚ ਮੀਟਿੰਗਾਂ ਕਰ, ਪਿੰਡਾਂ ‘ਚ ਸੰਪਰਕ ਸਥਾਪਿਤ ਕਰ ਲੋਕਾਂ ਨੂੰ ਗਦਰ ਲਈ ਪ੍ਰੇਰਿਤ ਕੀਤਾ। ਅੰਗਰੇਜ਼ ਫੌਜ ‘ਚ ਭਰਤੀ ਫੌਜੀਆਂ ਨੂੰ ਅਪਣੀਆਂ ਬੰਦੂਕਾਂ ਦਾ ਮੂੰਹ ਅੰਗਰੇਜਾਂ ਵੱਲ ਨੂੰ ਮੋੜ ਕੇ ਗੋਰਾਸ਼ਾਹੀ ਦਾ ਖਾਤਮਾ ਕਰਕੇ ਲਾਲ ਕਿਲੇ ਤੋਂ ਯੂਨੀਅਨ ਜੈਕ ਲਾਹ ਕੇ ਗਦਰ ਪਾਰਟੀ ਦਾ ਝੰਡਾ ਲਹਿਰਾਉਣ ਦਾ ਸੁਪਨਾ ਲੈ ਗਦਰ ਦੇ ਦਿਨ ਦਾ ਐਲਾਨ ਦਿੱਤਾ। ਗਦਰ ਪਾਰਟੀ ‘ਚ ਘੁਸਪੈਠ ਕਰ ਗਏ ਪੁਲਿਸ ਮੁਖਬਰ ਕਿਰਪਾਲੇ ਦੀ ਸੂਹ ਨਾਲ ਅੰਗਰੇਜ਼ ਹਕੂਮਤ ਨੇ ਰਾਤੋ ਰਾਤ ਭਾਰਤੀ ਫੌਜੀਆਂ ਤੋਂ ਹਥਿਆਰ ਖੋਹ ਲਏ। ਸਿੱਟੇ ਵਜੋਂ ਦੇਸ਼ ਚੋਂ ਬਸਤੀਵਾਦੀ ਰਾਜ ਨੂੰ ਹਥਿਆਰਬੰਦ ਇਨਕਲਾਬ ਰਾਹੀਂ ਉਲਟਾਉਣ ਦਾ ਸੁਪਨਾ ਕਾਮਯਾਬ ਨਾ ਹੋ ਸਕਿਆ। ਕਿੰਨੇ ਹੀ ਗਦਰੀ ਜੇਲਾਂ ‘ਚ ਬੰਦ ਕਰ ਫਾਂਸੀਆਂ ਤੇ ਲਟਕਾ ਦਿੱਤੇ ਗਏ। ਕਾਲੇ ਪਾਣੀਆਂ ‘ਚ ਭੇਜ ਤਸੀਹੇ ਸਹਿਣ ਤੇ ਭੁੱਖ ਜਰਨ ਲਈ ਮਜਬੂਰ ਕੀਤੇ ਗਏ। ਗਦਰ ਲਹਿਰ ਦਾ ਵੱਖ-ਵੱਖ ਵਿਦਵਾਨਾਂ ਨੇ ਇਤਿਹਾਸ ਲਿਖਿਆ , ਗਦਰ ਪਾਰਟੀ ਵੱਲੋਂ ਸਥਾਪਿਤ ਕੀਤੇ ਮਨੁੱਖੀ ਆਜ਼ਾਦੀ ਦੇ ਮਾਨਦੰਡ, ਅਸਿਹ ਤੇ ਅਕਿਹ ਕੁਰਬਾਨੀਆਂ ਅਜੋਕੇ ਦੌਰ ‘ਚ ਆਜ਼ਾਦੀ ਦੇ ਪਝੱਤਰ ਵਰੵਿਆਂ ਬਾਅਦ ਕਾਰਪੋਰੇਟੀ ਜੰਜਾਲ ਤੇ ਫਿਰਕੂ ਫਾਸ਼ੀਵਾਦ ਦੇ ਜਬਾੜਿਆਂ ਛਟਪਟਾ ਰਹੇ ਮੁਲਕ ਨੂੰ ਆਜ਼ਾਦੀ ਦੀ ਹਕੀਕੀ ਲੜਾਈ ਲੜਣ ਲਈ ਮਾਰਗ ਦਰਸ਼ਨ ਕਰ ਰਹੇ ਹਨ।
ਪਰ ਗਦਰ ਲਹਿਰ ਨੇ ਗਦਰ ਕਾਵਿ ਤੇ ਸਮੁੱਚੇ ਅਮਲ ਰਾਹੀਂ ਜਿਨ੍ਹਾਂ ਪਵਿੱਤਰ ਕਦਰਾਂ ਕੀਮਤਾਂ, ਮਨੁੱਖੀ ਸਵੈਮਾਨ ਦੀ ਬਹਾਲੀ , ਫਿਰਕੂ ਇਕਸੁਰਤਾ,
ਧਰਮ ਨਿਰਪੱਖਤਾ ਤੇ ਸਮਾਜਵਾਦੀ ਪ੍ਰਬੰਧ ਲਈ ਜੀਅ ਜਾਨ ਲਾਈ ਉਹ ਸਾਡੇ ਲਈ ਚਾਨਣਮੁਨਾਰਾ ਹੈ।ਗਦਰ ਪਾਰਟੀ ਦਾ ਮਕਸਦ ਸਭਨਾਂ ਦੇਸ਼ ਭਗਤ ਜਥੇਬੰਦਆਂ ਨੂੰ ਇੱਕ ਮੰਚ ‘ਤੇ ਇਕੱਤਰ ਕਰਨ ਦਾ ਸੀ।ਗਦਰ ਪਾਰਟੀ ਨੇ ਆਜ਼ਾਦੀ ਅੰਦੋਲਨ ਦੌਰਾਨ ਧਰਮ ਨਿਰਪੱਖਤਾ ਤੇ ਫਿਰਕੂ ਇਕਸੁਰਤਾ ਤੇ ਡਟ ਕੇ ਪਹਿਰਾ ਦਿੱਤਾ। ਕਿਓਂਕਿ ਗਦਰ ਪਾਰਟੀ ਦੀ ਸਮਝ ਸੀ ਕਿ ਅੰਗਰੇਜ਼ ਇਕੱਲੇ ਇੱਕ ਧਰਮ ਦੀ ਲੁੱਟ ਨਹੀਂ ਕਰਦਾ, ਇਕੱਲੇ ਇੱਕ ਧਰਮ ਦੇ ਲੋਕਾਂ ਤੇ ਜਬਰ ਨਹੀਂ ਢਾਉਂਦਾ ਸਗੋਂ ਉਹ ਭਾਰਤ ਦੇ ਸਾਰੇ ਕਿਰਤੀਆਂ ਦਾ ਸਾਂਝਾ ਦੁਸ਼ਮਣ ਹੈ। ਗਦਰ ਪਾਰਟੀ ਲਈ ਧਰਮ ਇੱਕ ਨਿੱਜੀ ਮਾਮਲਾ ਸੀ। ਕੋਈ ਕਿਸ ਨੂੰ ਮੰਨੇ ਕੌਣ ਕਿਸ ਨੂੰ ਨਾ ਮੰਨੇ ਇਸ ਵਿੱਚ ਕਿਸੇ ਦੀ ਦਖਲਅੰਦਾਜ਼ੀ ਕਿਓਂ ਹੋਵੇ । ਗਦਰੀਆਂ ਵੱਲੋਂ ਲਿਖੀਆਂ ਕਵਿਤਾਵਾਂ ਹਿੰਦ ਆਜ਼ਾਦ ਕਰਾਉਣ ਦੀ ਸੋਚ ਨੂੰ ਪ੍ਰਣਾਈਆਂ ਸਨ। ਗਦਰ ਕਵਿਤਾ ਸਮੁੱਚੀ ਮਨੁੱਖੀ ਆਜ਼ਾਦੀ, ਬਰਾਬਰਤਾ ਆਪਸੀ ਸਨੇਹ ਮੁਹੱਬਤ ਦੀ ਤਰਜਮਾਨੀ ਕਰਦੀ ਹੈ।
ਹਿੰਦੂ ਮੁਸਲਿਮ ਸਿੱਖ ਹਾਂ ਇੱਕੋ
ਇੰਕੋ ਜਾਤ ਅਸਾਡੀ ਏ
ਇਹ ਬਦਮਾਸ਼ ਚਾਲਾਕ ਫਿਰੰਗੀ
ਸਭ ਨੂੰ ਕੀਤਾ ਫਾਡੀ ਏ
ਆਓ, ਇਕੱਠੇ ਹੋ ਕੇ ਲੜੀਏ
ਵੇਲਾ ਹੈ ਮਿਲ ਜਾਵਣ ਦਾ
ਆਓ ਸ਼ੇਰੋ, ਗਦਰ ਮਨਾਈਏ
ਵੇਲਾ ਨਹੀਂ ਖੁੰਜਾਵਣ ਦਾ।

ਗਦਰ ਅਖਬਾਰ ਨੇ ਪਾਠਕਾਂ ਨੂੰ ਬੇਨਤੀ ਕੀਤੀ ਕਿ ਇਸ ਅਖਬਾਰ ਦਾ ਕੰਮ ਹਿੰਦੁਸਤਾਨ ਵਿੱਚੋਂ ਗਦਰ ਕਰਕੇ ਅੰਗਰੇਜਾਂ ਦਾ ਰਾਜ ਖਤਮ ਕਰਨਾ ਹੈ। ਇਹ ਅਖਬਾਰ ਨਿਰਪੱਖ ਹੈ। ਇਸ ਦਾ ਕਿਸੇ ਮਜਹਬ ਜਾਂ ਫਿਰਕੇ ਨਾਲ ਕੋਈ ਸਬੰਧ ਨਹੀਂ। ਸੁ ਜੋ ਭਾਈ ਲੇਖ ਜਾਂ ਬੈਂਤ ਲਿਖ ਕੇ ਭੇਜਣ ਕਿਰਪਾ ਕਰਕੇ ਮਜਹਬ ਜਾਂ ਫਿਰਕੇ ਤੋਂ ਨਿਰਪੱਖ ਹੋ ਕੇ ਭੇਜਣ।
ਹਿੰਦ ਦੇ ਸਪੁੱਤਰੋ ਕਰੋ ਬਿਆਨ ਜੀ
ਲੁੱਟ ਕੇ ਹਿੰਦ ਕੀਤਾ ਹੈ ਵੈਰਾਨ ਜੀ
ਤੁਸਾਂ ਵਿੱਚ ਪਾ ਕੇ ਵੀਰੋ ਖਾਨਾ ਜੰਗੀਆਂ
ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ
ਹਿੰਦੂ ਮੁਸਲਿਮ ਅਤੇ ਸਿੰਘ ਸੂਰਮੇ
ਕੁੱਟ ਕੇ ਬਣਾਓ ਵੈਰੀਆਂ ਦੇ ਚੂਰਮੇ
ਫੜ ਲੳ ਸ਼ਤਾਬੀ ਹੱਥੀਂ ਨੰਗੀਆਂ
ਖਾ ਲਿਆ ਮੁਲਕ ਲੁੱਟ ਕੇ ਫਰੰਗੀਆਂ

ਦੇਸ਼ ਦੀ ਆਜ਼ਾਦੀ ਲਈ ਹਰ ਧਰਮ ਦੇ ਗਦਰੀਆਂ ਨੇ ਕੁਰਬਾਨੀਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ, ਕਾਂਸੀ ਰਾਮ ਮੜੌਲੀ, ਰਹਿਮਤ ਅਲੀ ਵਜੀਦਕੇ, ਹਾਫਿਜ਼ ਅੱਬਦੁਲਾ ਜਗਰਾਓਂ ਜਿਹੇ ਗਦਰੀਆਂ ਦੀ ਸੂਚੀ ਬੇਹੱਦ ਲੰਮੀ ਹੈ।
ਦੇਸ਼ ਦੀ ਆਜ਼ਾਦੀ ਲਈ ਧਰਮਾਂ ਜਾਤਾਂ , ਫਿਰਕਿਆਂ ਤੋਂ ਉੱਪਰ ਉੱਠਕੇ ਅਪਣਾ ਆਪ ਕੁਰਬਾਨ ਕਰਨ ਵਾਲੇ ਗਦਰੀ ਸ਼ਹੀਦਾਂ ਦੀ ਇਸ ਧਰਤੀ ਤੇ ਸੰਨ ਸੰਤਾਲੀ ‘ਚ ਲੱਖਾਂ ਲੋਕਾਂ ਦੇ ਕਤਲ ਹੋਏ, ਫਿਰਕੂ ਹੈਵਾਨ ਖੁੱਲ ਕੇ ਹੱਸਿਆ, ਸੰਨ ਚੁਰਾਸੀ, ਸੰਨ ਦੋ ਹਜਾਰ ਦੋ, ਸਾਡੇ ਸੀਨੀਆਂ ਤੇ ਉੱਕਰੇ ਉਹ ਗਹਿਰੇ ਜਖਮ ਹਨ ਜਿਨ੍ਹਾਂ ਦੀ ਚੀਸ ਵਰਿਆਂ ਤੱਕ ਸਾਡੇ ਹਿਰਦਿਆਂ ‘ਚ ਕਸਕਦੀ ਰਹੇਗੀ। ਹਕੂਮਤੀ ਗੱਦੀਆਂ ਤੇ ਕਾਬਜ ਹਰ ਰੰਗ ਦੇ ਹਾਕਮਾਂ ਨੇ ਰਾਜਗੱਦੀ ਕਾਇਮ ਰੱਖਣ ਲਈ ਫਿਰਕੂ ਪੱਤਾ ਖੇਡਣ ‘ਚ ਕੋਈ ਢਿੱਲ ਨਹੀਂ ਵਰਤੀ। ਦੇਸ਼ ਦੀ ਰਾਜਸੱਤਾ ਤੇ ਕਾਬਜ ਭਾਜਪਾ ਦੇਸ਼ ‘ਚ ਧਰਮ ਆਧਾਰਿਤ ਰਾਜ ਕਾਇਮ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਘੱਟ ਗਿਣਤੀ ਮੁਸਲਮਾਨਾਂ ਦਾ ਕਤਲ ਗੋਧਰਾ ਤੋਂ ਲੈ ਕੇ ਗਊ ਮਾਸ , ਲਵ ਜਿਹਾਦ, ਕਰੋਨਾ ਦੌਰਾਨ ਮੁਸਲਮਾਨਾਂ ਖਿਲਾਫ ਸਾਜਿਸ਼ੀ ਪ੍ਰਚਾਰ, ਸਿੱਖਿਆ ਦਾ ਭਗਵਾਕਰਨ, ਫੈਡਰਲ ਪ੍ਰਬੰਧ ਨੂੰ ਬੁਰੀ ਤਰ੍ਹਾਂ ਖਤਮ ਕਰਕੇ ਸਾਰੀਆਂ ਸ਼ਕਤੀਆਂ ਦਾ ਕੇਂਦਰੀ ਕਰਨ, ਨਾਗਰਿਕਤਾ ਸੋਧ ਕਾਨੂੰਨ, ਕਸ਼ਮੀਰ ਚ ਧਾਰਾ 370 ਦਾ ਖਾਤਮਾ, ਬੁਲਡੋਜਰ ਗੁੰਡਾਗਰਦੀ ਆਦਿ ਅਨੇਕਾਂ ਢੰਗਾਂ ਰਾਹੀ ਮੁਸਲਿਮ ਵਰਗ ਡੂੰਘੀ ਦਹਿਸ਼ਤ ਦਾ ਸ਼ਿਕਾਰ ਦਿਨ ਕਟੀ ਕਰਨ ਲਈ ਮਜਬੂਰ ਹੈ। ਅੱਜ ਨਿਆਂ ਪਾਲਿਕਾ ਰਾਹੀਂ ਧਾਰਮਿਕ ਘੱਟ ਗਿਣਤੀਆਂ ਖਿਲਾਫ਼ ਰਾਮੰਦਰ, ਗਿਆਨਵਾਪੀ ਮਸਜਿਦ, ਮੁਸਲਮਾਨ ਨਾਵਾਂ ਦੇ ਸ਼ਹਿਰਾਂ ਦਾ ਹਿੰਦੂ ਨਾਮਕਰਨ, ਬਿਲਕਸ ਬਾਨੋ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਅਮਿਤ ਸ਼ਾਹ ਦੇ ਕਹਿਣ ਤੇ ਰਿਹਾ ਕਰਨ ‘ਚ ਵਰਤੀ ਬੇਸ਼ਰਮੀ ਫਿਰਕੂ ਫਾਸ਼ੀਵਾਦ ਦੀਆਂ ਨੰਗੀਆਂ ਚਿੱਟੀਆਂ ਮਿਸਾਲਾਂ ਹਨ। ਇਸ ਦੇ ਨਾਲ ਨਾਲ ਅੱਜ ਕਾਲੇ ਕਨੂੰਨਾਂ ਨੂੰ ਰਾਹੀਂ ਵਿਰੋਧ ਦੀ ਆਵਾਜ਼ ਨੂੰ ਕੁਚਲਣ ਦੇ ਰਾਹ ਤੁਰੀ ਭਾਜਪਾ ਫਾਸ਼ੀ ਹਮਲਿਆਂਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਬਿਨਾਂ ਵਜੵਾ ਮੁਸਲਿਮ ਜਥੇਬੰਦੀ ਪੀ ਐਫ ਆਈ ਤੇ ਪਾਬੰਦੀ, ਵੱਡੇ ਪੱਧਰ ਤੇ ਗ੍ਰਿਫਤਾਰੀਆਂ, ਮੁਸਲਮਾਨਾਂ ਖਿਲਾਫ ਜ਼ਹਿਰ ਉਗਲਣ ਵਾਲਿਆਂ ਨੂੰ ਆਂਚ ਨਾ ਆਉਣ ਦੇਣ ਤੇ ਸੱਤ ਬੰਦਿਆਂ ਦੇ ਕਾਤਲ ਤੇ ਬਲਾਤਕਾਰੀਆਂ ਨੂੰ ਚੰਗੇ ਵਿਹਾਰ ਦੇ ਤਰਕ ਤਹਿਤ ਰਿਹਾ ਕਰਨਾ ਇਸੇ ਫਾਸ਼ੀ ਹਕੂਮਤ ਦਾ ਹਿਟਲਰੀ ਤਰਕ ਹੈ। ਹਜਾਰਾਂ ਲੋਕਾਂ ਨੂੰ ਝੂਠੇ ਕੇਸਾਂ ‘ਚ, ਹਰ ਵਿਰੋਧੀ ਆਵਾਜ ਨੂੰ ਮਨਘੜਤ ਪਰਚਿਆਂ ‘ਚ ਵਰਿਆਂ ਬੱਧੀ ਕੇਸਾਂ ‘ਚ ਉਲਝਾ ਦੇਣ ਦਾ ਅਮਲ ਹੁਣ ਇੱਕ ਆਮ ਵਰਤਾਰਾ ਬਣ ਚੁੱਕਾ ਹੈ। ਇੱਕ ਪਾਸੇ ਸਾਮਰਾਜੀ ਕਾਰਪੋਰੇਟੀ ਨੀਤੀਆਂ ਰਾਹੀਂ ਭਾਰਤੀ ਆਰਥਿਕਤਾ ਦਾ ਦੀਵਾਲਾ ਕੱਢਿਆ ਜਾ ਰਿਹਾ ਹੈ ਦੂਜੇ ਬੰਨੇ ਫਾਸ਼ੀ ਹਮਲਿਆਂ ਰਾਹੀਂ ਜਮਹੂਰੀਅਤ ਤੇ ਧਰਮ ਨਿਰਪੱਖਤਾ ਦਾ ਗਲਾ ਘੁੱਟਿਆ ਜਾ ਰਿਹਾ ਹੈ। ਨਵੇਂ ਸਜੇ ਪੰਜਾਬ ਦੇ ਵਾਰਸ ਅਮ੍ਰਿਤ ਪਾਲ ਸਿੰਘ ਦਾ ਇਸਾਈ ਭਾਈਚਾਰੇ ਦੇ ਸਤਿਕਾਰ ਜੀਸ਼ੂ ਮਸੀਹ ਪ੍ਰਤੀ ਬੋਲੇ ਬੋਲ ਤੇ ਉਠਿਆ ਵਿਰੋਧ, ਕਮਿਊਨਿਸਟਾਂ ਪ੍ਰਤੀ ਨਜ਼ਰੀਆ ਇਹ ਸਾਰਾ ਕੁੱਝ ਪੰਜਾਬ ਨੂੰ ਇੱਕ ਹੋਰ ਫਿਰਕੂ ਸੰਕਟ ‘ਚ ਧੱਕਣ ਲਈ ਕਾਫੀ ਹਨ। ਇਨਕਲਾਬੀ ਜਮਹੂਰੀ ਸ਼ਕਤੀਆਂ ਲਈ ਇਸ ਫਿਰਕੂ ਫਾਸ਼ੀਵਾਦ ਦੇ ਦੌਰ ‘ਚ ਅਪਣੇ ਗਦਰੀ ਵਿਰਸੇ ਤੋਂ ਪ੍ਰੇਰਨਾ ਲੈਂਦਿਆਂ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਰਣਤੱਤੇ ‘ਚ ਇੱਕਜੁੱਟ ਹੋਕੇ ਨਿੱਤਰਨਾ ਸਮੇਂ ਦੀ ਹਕੀਕੀ ਮੰਗ ਹੈ।ਲੇਖਕ ਕੰਵਲਜੀਤ ਖੰਨਾ 94170 67344

LEAVE A REPLY

Please enter your comment!
Please enter your name here