ਸੁਧਾਰ, 31 ਅਗਸਤ ( ਜਸਵੀਰ ਹੇਰਾਂ )- ਘਰੇਲੂ ਝਗੜੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ। ਉਸ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਉਸ ਦੀ ਪਤਨੀ ਸਮੇਤ ਸਹੁਰੇ ਦੇ 14 ਮੈਂਬਰਾਂ ਖ਼ਿਲਾਫ਼ ਥਾਣਾ ਸੁਧਾਰ ਵਿਖੇ ਧਾਰਾ 306 ਤਹਿਤ ਕੇਸ ਦਰਜ ਕੀਤਾ ਗਿਆ। ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ ਵਾਸੀ ਪਿੰਡ ਜਾਂਗਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਸੀਂ ਬੀਤੀ 29 ਅਗਸਤ ਨੂੰ ਦੁਪਹਿਰ 2 ਵਜੇ ਦੇ ਕਰੀਬ ਘਰ ਵਿੱਚ ਸੀ। ਜਦੋਂ ਮੇਰਾ ਲੜਕਾ ਜਤਿੰਦਰ ਸਿੰਘ ਤੇਜ਼ ਰਫਤਾਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ ਨਿਕਲਿਆ ਤਾਂ ਮੈਂ ਡਰ ਕੇ ਆਪਣੀ ਛੋਟੀ ਨੂੰਹ ਮਨਪ੍ਰੀਤ ਨੂੰ ਬੁਲਾਇਆ ਅਤੇ ਉਹ ਦੋਵਾਂ ਨੇ ਉਸਦੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੈੱਡ ’ਤੇ ਇਕ ਖਾਲੀ ਲਿਫਾਫਾ ਪਿਆ ਸੀ। ਜਿਸ ਵਿੱਚ ਕਿਸੇ ਜ਼ਹਿਰੀਲੀ ਦਵਾਈ ਦੇ ਦੋ ਖੁੱਲੇ ਪਾਊਚ ਪਏ ਸਨ ਅਤੇ ਉੱਥੇ ਇੱਕ ਕਾਪੀ ਵੀ ਮਿਲੀ ਜਿਸ ਵਿੱਚ ਉਸਦੇ ਹੱਥ ਦਾ ਲਿਖਿਆ ਸੁਸਾਈਡ ਨੋਟ ਬਰਾਮਦ ਹੋਇਆ। ਜਿਸ ਵਿਚ ਉਸ ਨੇ ਲਿਖਿਆ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੀ ਪਤਨੀ ਸ਼ਰਨਜੀਤ ਕੌਰ, ਉਸ ਦਾ ਭਰਾ ਕਮਲਪ੍ਰੀਤ ਸਿੰਘ ਫੌਜੀ, ਗਗਨਦੀਪ ਸਿੰਘ, ਇੰਦਰਜੀਤ ਕੌਰ, ਮ੍ਰਿਤਕ ਦੀ ਪਹਿਲੀ ਪਤਨੀ ਬੇਅੰਤ ਕੌਰ, ਉਸ ਦਾ ਪਿਤਾ ਜਗਰੂਪ ਸਿੰਘ, ਭਰਾ ਪ੍ਰਮਟ ਸਿੰਘ, ਮਾਂ ਜਸਵਿੰਦਰ ਕੌਰ, ਨੰਦ ਸਿੰਘ ਉਰਫ਼ ਨੰਦੀ, ਭਰਾ ਗੁਰਪ੍ਰੀਤ ਸਿੰਘ ਉਰਫ਼ ਬੱਬੂ, ਉਸ ਦਾ ਜੀਜਾ ਗੱਗਾ ਚੌਂਕੀਮਾਨ ਵਾਲਾ, ਸੋਨੂੰ ਦੇ ਘਰ ਵਾਲਾ ਫੌਜੀ, ਰਮਨ ਬੁਟੀਕ ਹੰਬੜਾ, ਨੀਤੂ ਹੰਬੜਾਂ ਹਨ। ਮੇਰੀ ਨੌਕਰੀ ਮੇਰੇ ਪੁੱਤਰ ਫਤਹਿਵੀਰ ਸਿੰਘ ਨੂੰ ਦਿੱਤੀ ਜਾਵੇ ਅਤੇ ਮੇਰੀ ਜਾਇਦਾਦ ਫਤਹਿਵੀਰ ਸਿੰਘ ਅਤੇ ਮੇਰੀ ਦਾਦੀ ਸੁਖਦੇਵ ਨੂੰ ਦਿਤੀ ਜਾਵੇ ਅਤੇ ਮੇਰੇ ਪੁੱਤਰ ਫਤਿਹਵੀਰ ਸਿੰਘ ਨੂੰ ਮੇਰੀ ਦਾਦੀ ਦੇ ਹਵਾਲੇ ਕੀਤਾ ਜਾਵੇ। ਜਸਵਿੰਦਰ ਕੌਰ ਨੇ ਦੱਸਿਆ ਕਿ ਅਸੀਂ ਅਜੇ ਉਸ ਦੀ ਭਾਲ ਕਰ ਰਹੇ ਸੀ ਅਤੇ ਕਰੀਬ 3.30 ਵਜੇ ਉਸ ਨੂੰ ਜਤਿੰਦਰ ਸਿੰਘ ਦਾ ਫੋਨ ਆਇਆ। ਜਿਸ ’ਤੇ ਉਸ ਨੇ ਕਿਹਾ ਕਿ ਮੈਨੂੰ ਬਚਾ ਲਓ, ਮੈਂ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਅਤੇ ਉਹ ਵਾਰ-ਵਾਰ ਖੰਘ ਰਿਹਾ ਸੀ। ਉਸ ਨੇ ਫੋਨ ’ਤੇ ਦੱਸਿਆ ਕਿ ਉਹ ਤੁਗਲ ਸਾਈਡ ਨਹਿਰ ਦੇ ਕੱਚੇ ਰਸਤੇ ’ਤੇ ਖੜ੍ਹਾ ਸੀ। ਜਿਸ ’ਤੇ ਮੈਂ ਤੁਰੰਤ ਆਪਣੇ ਗੁਆਂਢੀਆਂ ਹਰਮਿੰਦਰ ਸਿੰਘ ਅਤੇ ਜਸਵੀਰ ਸਿੰਘ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚਿਆ ਅਤੇ ਜਤਿੰਦਰ ਸਿੰਘ ਨੂੰ ਨਹਿਰ ਦੇ ਕੱਚੇ ਪਟੜੀ ਦੇ ਹੇਠਾਂ ਵਗਦੇ ਪਾਣੀ ’ਚ ਬੇਹੋਸ਼ੀ ਦੀ ਹਾਲਤ ’ਚ ਦੇਖਿਆ। ਉਸ ਦੇ ਮੂੰਹ ਵਿੱਚੋਂ ਕਿਸੇ ਜ਼ਹਿਰੀਲੀ ਦਵਾਈ ਦੀ ਬਦਬੂ ਆ ਰਹੀ ਸੀ ਅਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਅਸੀਂ ਉਸ ਨੂੰ ਇਲਾਜ ਲਈ ਪੰਡੋਰੀ ਹਸਪਤਾਲ ਮੁੱਲਾਪੁਰ ਲੈ ਗਏ ਪਰ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਵਿੰਦਰ ਕੌਰ ਦੇ ਬਿਆਨਾਂ ਅਤੇ ਮ੍ਰਿਤਕਾ ਦੇ ਸੁਸਾਈਡ ਨੋਟ ਦੇ ਆਧਾਰ ’ਤੇ ਸ਼ਰਨਜੀਤ ਕੌਰ, ਕਮਲਪ੍ਰੀਤ ਸਿੰਘ ਉਰਫ਼ ਫ਼ੌਜੀ, ਗਗਨਦੀਪ ਸਿੰਘ, ਇੰਦਰਜੀਤ ਕੌਰ, ਬੇਅੰਤ ਕੌਰ, ਜਗਰੂਪ ਸਿੰਘ, ਪ੍ਰਮਟ ਸਿੰਘ, ਜਸਵਿੰਦਰ ਕੌਰ, ਨੰਦ ਸਿੰਘ ਉਰਫ਼ ਨੰਦੀ, ਗੁਰਪ੍ਰੀਤ ਸਿੰਘ ਉਰਫ਼ ਬੱਬੂ , ਗੱਗਾ ਚੌਕੀਮਾਨ, ਸੋਨੂੰ ਦੇ ਘਰ ਵਾਲਾ ਫੌਜੀ, ਨੀਤੂ ਹੰਬੜਾਂ ਅਤੇ ਕੇਹਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।