ਜਗਰਾਉਂ, 17 ਸਤੰਬਰ ( ਵਿਕਾਸ ਮਠਾੜੂ, ਅਸ਼੍ਹਨੀ )-3 ਦਿਨਾਂ ਤੋਂ ਘਰੋਂ ਲਾਪਤਾ ਬੱਕਰੀ ਚਰਾਉਣ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਉਸ ਦੀ ਲਾਸ਼ ਸੂਏ ਤੋਂ ਬਰਾਮਦ ਹੋਈ। ਜਾਣਕਾਰੀ ਅਨੁਸਾਰ ਪਿੰਡ ਮਲਸੀਹਾਂ ਭਾਈਕਾ ਦਾ ਸੋਨੀ ਨਾਂ ਦਾ ਨੌਜਵਾਨ ਬੱਕਰੀਆਂ ਚਾਰਦਾ ਸੀ। ਉਹ ਤਿੰਨ ਦਿਨ ਪਹਿਲਾਂ ਸੱਤ ਬੱਕਰੀਆਂ ਸਮੇਤ ਲਾਪਤਾ ਹੋ ਗਿਆ ਸੀ। ਜਿਸ ਦੀ ਸ਼ਿਕਾਇਤ ਉਸਦੇ ਦੋਸਤ ਪਰਮਿੰਦਰ ਸਿੰਘ ਨੇ ਥਾਣਾ ਸਦਰ ਜਗਰਾਉਂ ਵਿਖੇ ਦਰਜ ਕਰਵਾਈ ਹੈ। ਸ਼ਨੀਵਾਰ ਨੂੰ ਸੋਨੀ ਦੀ ਲਾਸ਼ ਸ਼ੇਰਪੁਰ ਕਲਾ ਨੇੜੇ ਸੂਏ ਚੋਂ ਬਰਾਮਦ ਹੋਈ। ਜਿਸ ਨੂੰ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਭੇਜ ਦਿੱਤਾ। ਥਾਣਾ ਸਦਰ ਦੇ ਇੰਚਾਰਜ ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੋਨੀ ਆਪਣੇ ਇਕ ਹੋਰ ਦੋਸਤ ਨਾਲ ਬੱਕਰੀਆਂ ਚਰਾਉਣ ਗਿਆ ਸੀ ਅਤੇ ਉਥੋਂ ਸੱਤ ਬੱਕਰੀਆਂ ਸਮੇਤ ਲਾਪਤਾ ਹੋ ਗਿਆ। ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਉਸ ਦੇ ਨਾਲ ਲਾਪਤਾ ਹੋਈਆਂ ਚਾਰ ਬੱਕਰੀਆਂ ਇੱਕ ਹੋਰ ਬੱਗ ਵਿੱਚ ਮਿਲੀਆਂ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸੋਨੀ ਮਿਰਗੀ ਤੋਂ ਪੀੜਤ ਸੀ। ਜਦੋਂ ਉਹ ਬੱਕਰੀਆਂ ਚਰਾਉਂਦਾ ਹੋਇਆ ਸੂਏ ਦੇ ਨੇੜੇ ਆਇਆ ਤਾਂ ਉਸ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ ਅਤੇ ਸੂਏ ਦੇ ਪਾਣੀ ਵਿੱਚ ਡਿੱਗ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।