ਜਗਰਾਓਂ, 28 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਪਿਛਲੇ ਕੁਝ ਦਿਨਾਂ ਤੋਂ ਜਗਰਾਉਂ ਦੀ ਕਚਿਹਰੀ ਵਿਚ ਕਿਸੇ ਵੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਐਨ.ਓ.ਸੀ ਦੇ ਨਾਂ ’ਤੇ ਹੋ ਰਹੀ ਲੁੱਟ ਦਾ ਵੱਡਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਸਥਾਨਕ ਪ੍ਰਸ਼ਾਸਨ ਨੇ ਅਜੇ ਤੱਕ ਚੁੱਪ ਧਾਰੀ ਹੋਈ ਹੈ ਅਤੇ ਹੁਣ ਇੱਕ ਹੋਰ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਜਿਸ ’ਚ ਜਗਰਾਓਂ ਤਹਿਸੀਲ ’ਚ ਬੈਠੇ ਪ੍ਰਾਈਵੇਟ ਏਜੰਟ ਕਿਸ ਤਰ੍ਹਾਂ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਾਂ ’ਤੇ ਲੋਕਾਂ ਦੀ ਲੁੱਟ ਕਰ ਰਹੇ ਹਨ, ਇਹ ਸਾਹਮਣੇ ਆਇਆ। ਡਰਾਈਵਿੰਗ ਲਾਇਸੈਂਸ ਦੇ ਨਾਂ ’ਤੇ ਵੱਡੀ ਲੁੱਟ ਦਾ ਸ਼ਿਕਾਰ ਹੋਏ ਪਿੰਡ ਬੱਸੀਆਂ ਦੇ ਵਸਨੀਕ ਵਿਜੇ ਸਿੰਘ ਨੇ ਐਸਡੀਐਮ ਮਨਜੀਤ ਕੌਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਲਰਨਿੰਗ ਲਾਇਸੈਂਸ ਲੈਣ ਲਈ ਜਗਰਾਉਂ ਕਚਿਹਰੀ ਵਿੱਚ ਬੈਠੇ ਇੱਕ ਏਜੰਟ ਨਾਲ ਸੰਪਰਕ ਕੀਤਾ ਸੀ। ਮੇਰਾ ਪਿੰਡ ਬਸੀਆਂ ਹੈ ਜੋ ਰਾਏਕੋਟ ਅਧੀਨ ਆਉਂਦਾ ਹੈ ਪਰ ਉਕਤ ਏਜੰਟ ਨੇ ਲਾਇਸੈਂਸ ਬਣਵਾਉਣ ਲਈ ਫਾਈਲ ਜਗਰਾਉਂ ਲਾਇਸੈਂਸ ਅਥਾਰਟੀ ਕੋਲ ਭਰ ਦਿੱਤੀ। ਜਿਸ ਦਾ ਖਰਚਾ ਉਸਨੇ ਉਸ ਤੋਂ 1600 ਰੁਪਏ ਲੈ ਲਿਆ। ਜਦੋਂ ਮੈਂ ਦੁਬਾਰਾ ਉਸ ਕੋਲ ਪੱਕਾ ਲਾਇਸੈਂਸ ਬਨਵਾਉਣ ਲਈ ਗਿਆ ਤਾਂ ਉੁਸ ਨੇ ਹੋਰ 1900 ਰੁਪਏ ਲੈ ਲਏ ਅਤੇ ਫਾਇਲ ਭਰ ਕੇ ਮੇਰੇ ਹਵਾਲੇ ਕਰ ਦਿੱਤੀ। ਜਦੋਂ ਮੈਂ ਲਾਇਸੈਂਸ ਲੈਣ ਲਈ ਟਰੈਕ ’ਤੇ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਮੇਰੀ ਫਾਈਲ ਗਲਤ ਭਰੀ ਗਈ ਹੈ। ਜਗਰਾਉਂ ਅਥਾਰਟੀ ਦੀ ਬਜਾਏ ਰਾਏਕੋਟ ਅਥਾਰਟੀ ਨੂੰ ਲਿਖਿਆ ਜਾਣਾ ਚਾਹੀਦਾ ਸੀ। ਇਸ ਸਬੰਧੀ ਜਦੋਂ ਲਾਇਸੈਂਸ ਡੀਲ ਕਰਨ ਵਾਲੇ ਕਲਰਕ ਨਾਲ ਗੱਲ ਕੀਤੀ ਤਾਂ ਉਸ ਨੇ ਵੀ ਕਿਹਾ ਕਿ ਤੁਹਾਡੀ ਫਾਈਲ ਗਲਤ ਢੰਗ ਨਾਲ ਭਰੀ ਗਈ ਹੈ । ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਉਕਤ ਏਜੰਟ ਕੋਲ ਗਿਆ ਤਾਂ ਉਸ ਨੇ ਹੋਰ 2000 ਰੁਪਏ ਦੀ ਹੋਰ ਮੰਗ ਕੀਤੀ। ਇਸ ਸਬੰਧੀ ਜਦੋਂ ਪੱਤਰਕਾਰ ਨੇ ਉਕਤ ਏਜੰਟ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਸਾਫ਼ ਕਿਹਾ ਕਿ ਇੱਥੇ ਇਵੇਂ ਹੀ ਚੱਲਦਾ ਹੈ। ਜਿਸਨੇ ਜੋ ਕਰਨਾ ਹੈ ਕਰ ਲਏ। ਉਸਨੇ ਇਹ ਵੀ ਕਿਹਾ ਕਿ ਇਸ ਵਿੱਚੋਂ 200 ਰੁਪਏ ਵਿਜੇ ਸਿੰਘ ਦੇ ਮੈਡੀਕਲ ਦੀ ਫੀਸ ਹੈ। ਜਦੋਂ ਕਿ ਦੂਜੇ ਪਾਸੇ ਵਿਜੇ ਸਿੰਘ ਨੇ ਕਿਹਾ ਕਿ ਉਸਦਾ ਕਿਤੇ ਵੀ ਕਿਸੇ ਕੋਲੋਂ ਕੋਈ ਮੈਡੀਕਲ ਨਹੀਂ ਕਰਵਾਇਆ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਕਤ ਏਜੰਟ ਵੱਲੋਂ ਡਰਾਈਵਿੰਗ ਲਾਇਸੈਂਸ ਲਈ ਭਰੀ ਗਈ ਫਾਈਲ ਵਿੱਚ ਵਿਜੇ ਸਿੰਘ ਦੀ ਮੈਡੀਕਲ ਰਿਪੋਰਟ ਵੀ ਫਰਜ਼ੀ ਲਗਾਈ ਹੈ।
ਕੀ ਕਹਿਣਾ ਹੈ ਡਰਾਈਵਿੰਗ ਲਾਇਸੰਸ ਡੀਲਿੰਗ ਕਲਰਕ ਦਾ-
ਇਸ ਸਬੰਧੀ ਜਦੋਂ ਜਗਰਾਉਂ ਤਹਿਸੀਲ ਦੇ ਡਰਾਈਵਿੰਗ ਲਾਇਸੈਂਸ ਡੀਲਿੰਗ ਕਲਰਕ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਜੇ ਸਿੰਘ ਦੀ ਸ਼ਿਕਾਇਤ ਮਿਲੀ ਹੈ। ਫਿਲਹਾਲ ਐਸਡੀਐਮ ਮਨਜੀਤ ਕੌਰ ਛੁੱਟੀ ’ਤੇ ਹਨ। ਉਨ੍ਹਾਂ ਦੇ ਆਉਣ ’ਤੇ ਵਿਜੇ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਾਹਪੀ ਏਜੰਟਾ ਦੇ ਪ੍ਰਭਾਵ ਵਿੱਚ ਨਾ ਆਉਣ।