ਲਾਲੜੂ (ਰਾਜਨ ਜੈਨ) ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਲਾਲੜੂ ਨੇੜੇ ਸਥਿਤ ਜੇਸੀਬੀਐੱਲ ਕੰਪਨੀ ਦੀ ਮੋਬੀਲਿਟੀ ਸਾਲਿਊਸ਼ਨ ਲਿਮਟਡ (ਐੱਮਐੱਲਐੱਸ) ਫੈਕਟਰੀ ਬ੍ਾਂਚ ‘ਚ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ ਇਹ ਬ੍ਾਂਚ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਵਿਚ ਕੋਈ ਵੀ ਵਿਅਕਤੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ‘ਤੇ ਕਾਬੂ ਪਾਉਣ ਲਈ ਦਰਜਨ ਤੋਂ ਵੱਧ ਫਾਇਰ ਟੈਂਡਰਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਫਾਇਰ ਵਿਭਾਗ ਦੇ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਹਾਈਵੇਅ ‘ਤੇ ਲਾਲੜੂ ਨੇੜੇ ਜੇਸੀਬੀਐੱਲ ਕੰਪਨੀ ਦੀ ਬ੍ਾਂਚ ਐਮਐਸਲ ਫੈਕਟਰੀ ਹੈ, ਜਿਸ ਵਿਚ ਵਾਹਨਾਂ ਦੀਆਂ ਸੀਟਾਂ ਤਿਆਰ ਕੀਤੀਆਂ ਜਾਂਦੀਆਂ ਹਨ। ਬੁੱਧਵਾਰ ਰਾਤ ਕਰੀਬ 9.30 ਵਜੇ ਫੈਕਟਰੀ ਦੇ ਅਹਾਤੇ ਵਿਚ ਅਚਾਨਕ ਅੱਗ ਲੱਗ ਗਈ। ਇਸ ਨਾਲ ਫੈਕਟਰੀ ਵਿਚ ਸੀਟਾਂ ਤਿਆਰ ਕਰਨ ਲਈ ਰੱਖੇ ਪਲਾਸਟਿਕ, ਚਮੜਾ, ਫੋਮ ਅਤੇ ਹੋਰ ਸਾਮਾਨ ਅੱਗ ਦੀ ਲਪੇਟ ਵਿਚ ਆ ਗਿਆ।
ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਬਹੁਤ ਭਿਆਨਕ ਸੀ। ਫੈਕਟਰੀ ਵਿਚ ਲੱਗੀ ਭਿਆਨਕ ਅੱਗ ਨੂੰ ਦੇਖਦੇ ਹੋਏ ਡੇਰਾਬੱਸੀ ਤੋਂ ਚਾਰ ਗੱਡੀਆਂ, ਆਰਡੀਨੈਂਸ ਸਟੋਰ ਦੱਪਰ ਤੋਂ ਦੋ ਅਤੇ ਨਾਹਰ, ਸਟੀਲ ਸਟਿ੍ਪ ਕੰਪਨੀ ਲੈਹਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਅੰਬਾਲਾ ਦੀਆਂ ਦਰਜਨ ਤੋਂ ਵੱਧ ਗੱਡੀਆਂ ਨੇ ਅੱਗ ਬੁਝਾਉਣ ਵਿਚ ਕਰੀਬ 3-4 ਘੰਟੇ ਦਾ ਸਮਾਂ ਲਾਇਆ। ਕਾਫ਼ੀ ਕੋਸ਼ਿਸ਼ ਕਰਕੇ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।ਫਾਇਰ ਅਫ਼ਸਰ ਬਲਜੀਤ ਸਿੰਘ ਅਨੁਸਾਰ ਵੀਰਵਾਰ ਸਵੇਰੇ ਕਰੀਬ 11:30 ਵਜੇ ਤੱਕ ਵੀ ਅੱਗ ਭਬਕ ਰਹੀ ਸੀ ਅਤੇ ਇਸ ਮੌਕੇ ਫਾਇਰ ਦੀ ਗੱਡੀ ਦੇ ਡਰਾਈਵਰ ਬਰਿੰਦਰ ਸ਼ਰਮਾ, ਅਮਿਤ, ਮਹਿੰਦਰ ਅੱਗ ਦੀਆਂ ਲਪਟਾਂ ਨੂੰ ਬੁਝਾਉਣ ਲਈ ਫਾਇਰ ਬਿ੍ਗੇਡ ਦੀ ਗੱਡੀ ਸਮੇਤ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਕੰਪਨੀ ਵਿਚ ਕੋਈ ਵੀ ਕਰਮਚਾਰੀ ਮੌਜੂਦ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਅੱਗ ਨਾਲ ਕੰਪਨੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਕੰਪਨੀ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ।