ਗੁਰੁਹਰਸਹਾਏ, 17 ਜਨਵਰੀ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਬੁੱਧਵਾਰ ਸਵੇਰੇ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਸਥਿਤ ਪਿੰਡ ਲਾਲਚੀਆਂ ਨੇੜੇ ਬੱਸ ਅਤੇ ਕਾਰ ਵਿਚਕਾਰ ਵਾਪਰੇ ਸੜਕੀ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਉਸ ਦੇ ਨਾਲ ਤਿੰਨ ਹੋਰ ਕਾਰ ਸਵਾਰ ਜ਼ਖ਼ਮੀ ਹੋਏ ਹਨ। ਹਾਦਸਾ ਸੰਘਣੀ ਧੁੰਦ ਹੋਣ ਕਾਰਨ ਕਾਰ ਵੱਲੋਂ ਓਵਰਟੇਕ ਕਰਦੇ ਸਮੇਂ ਵਾਪਰਿਆ।ਜਾਣਕਾਰੀ ਅਨੁਸਾਰ ਇਕ ਆਲਟੋ ਕਾਰ ਚੰਡੀਗੜ੍ਹ ਤੋਂ ਜਲਾਲਾਬਾਦ ਵੱਲ ਨੂੰ ਆ ਰਹੀ ਸੀ। ਉਕਤ ਕਾਰ ਦੂਜੀ ਕਾਰ ਨੂੰ ਓਵਰਟੇਕ ਕਰਦੀ ਹੋਈ ਅੱਗੋਂ ਆ ਰਹੀ ਬੱਸ ਨਾਲ ਸਾਹਮਣਿਓਂ ਟਕਰਾ ਗਈ। ਧੁੰਦ ਜ਼ਿਆਦਾ ਹੋਣ ਕਾਰਨ ਕਾਰ ਚਾਲਕ ਨੂੰ ਅੱਗੋਂ ਆ ਰਹੀ ਬੱਸ ਦਾ ਬਿਲਕੁਲ ਪਤਾ ਨਹੀਂ ਲੱਗਿਆ। ਟੱਕਰ ਇਨੀ ਜ਼ਬਰਦਸਤ ਸੀ ਕਿ ਕਾਰ ਅੱਗੋਂ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਉਸ ਵਿਚ ਸਵਾਰ ਔਰਤ ਦੀ ਮੌਤ ਹੋ ਗਈ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਬੱਸ ‘ਚ ਸਵਾਰ ਦੋ ਦਰਜਨ ਤੋਂ ਵੱਧ ਸਵਾਰੀਆਂ ਸਵਾਰ ਸਨ ਜਿਨ੍ਹਾਂ ਦੇ ਵੀ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿੱਚ ਵੱਡਾ ਨੁਕਸਾਨ ਹੋਣ ਤੋਂ ਬਚਾ ਰਿਹਾ ਕਿਉਂਕਿ ਬਸ ਸੜਕ ਤੋਂ ਥੱਲੇ ਨਹੀਂ ਉੱਤਰੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਜ਼ਖ਼ਮੀਆਂ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।