ਚੰਡੀਗੜ੍ਹ (ਭੰਗੂ) ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਕਾਂਸਟੇਬਲ ਤੋਂ ਹੈੱਡ ਕਾਂਸਟੇਬਲ ਤਰੱਕੀ ਨੂੰ ਹਰੀ ਝੰਡੀ ਦਿੰਦੇ ਹੋਏ ਇਸ ਦੇ ਲਈ ਕਰਵਾਏ ਬੀਪੀਟੀ (ਬੇਸਿਕ ਪ੍ਰੋਫੀਸੈਂਸੀ ਟੈਸਟ) ਦੀ ਉੱਤਰ ਕਾਪੀ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਖ਼ਾਰਿਜ ਕਰ ਦਿੱਤਾ ਹੈ।ਪਟੀਸ਼ਨਾਂ ਦਾਖ਼ਲ ਕਰਦੇ ਹੋਏ ਅੰਕੁਸ਼ ਸ਼ਰਮਾ ਤੇ ਹੋਰਨਾਂ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ’ਚ ਕਾਂਸਟੇਬਲ ਵਜੋਂ ਤਾਇਨਾਤ ਹਨ ਤੇ ਉਨ੍ਹਾਂ ਨੇ ਹੈੱਡ ਕਾਂਸਟੇਬਲ ਅਹੁਦੇ ਲਈ ਸਤੰਬਰ 2023 ’ਚ ਕਰਵਾਏ ਬੀਪੀਟੀ ’ਚ ਹਿੱਸਾ ਲਿਆ ਸੀ। ਕੁੱਲ 7226 ਲੋਕਾਂ ਨੇ ਇਸ ਦੇ ਲਈ ਬਿਨੈ ਕੀਤਾ ਸੀ ਅਤੇ 6554 ਨੇ ਪ੍ਰੀਖਿਆ ਦਿੱਤੀ ਸੀ। ਪ੍ਰੀਖਿਆ ਦੇ ਦਿਨ ਹੀ ਉੱਤਰ ਕਾਪੀ ਜਾਰੀ ਕੀਤੀ ਗਈ ਅਤੇ ਇਸ ’ਤੇ ਇਤਰਾਜ਼ ਮੰਗੇ ਗਏ। 523 ਲੋਕਾਂ ਨੇ ਇਸ ’ਤੇ ਇਤਰਾਜ਼ ਦਿੱਤੇ ਸਨ ਅਤੇ ਪਟੀਸ਼ਨਕਰਤਾਵਾਂ ਦੇ ਇਤਰਾਜ਼ ਨੂੰ ਦਰਕਿਨਾਰ ਕਰਦੇ ਹੋਏ ਚੋਣ ਸੂਚੀ ਜਾਰੀ ਕਰ ਦਿੱਤੀ ਗਈ। ਇਸ ਦੇ ਖ਼ਿਲਾਫ਼ ਪਟੀਸ਼ਨਕਰਤਾਵਾਂ ਨੇ ਹਾਈ ਕੋਰਟ ਦੀ ਸ਼ਰਨ ਲਈ ਸੀ। ਸਿੰਗਲ ਬੈਂਚ ਨੇ ਪਟੀਸ਼ਨਾਂ ਨੂੰ ਖ਼ਾਰਿਜ ਕਰ ਦਿੱਤਾ ਸੀ ਜਿਸ ਕਾਰਨ ਬੈਂਚ ’ਚ ਪਟੀਸ਼ਨ ਦਾਖਲ ਕੀਤੀ ਗਈ ਸੀ।ਬੈਂਚ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ 4 ਪ੍ਰਸ਼ਨਾਂ ਨੂੰ ਲੈ ਕੇ ਇਤਰਾਜ਼ਾਂ ’ਤੇ ਵਿਚਾਰ ਕਰਦੇ ਹੋਏ ਸਾਰੇ ਬਿਨੈਕਾਰਾਂ ਨੂੰ ਇਸ ਦੇ ਅੰਕ ਦਿੱਤੇ ਗਏ। ਇਸ ਤੋਂ ਬਾਅਦ ਦੁਬਾਰਾ ਇਤਰਾਜ਼ ਮੰਗੇ ਗਏ ਅਤੇ 25 ਸਤੰਬਰ ਨੂੰ ਸਾਰਿਆਂ ਨੂੰ ਭੌਤਿਕ ਰੂਪ ਵਿਚ ਸੁਣਿਆ ਗਿਆ। ਅਜਿਹੇ ਵਿਚ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਨੂੰ ਸੁਣਵਾਈ ਦਾ ਮੌਕਾ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਕੋਈ ਧੰਦਲੀ ਦਾ ਦੋਸ਼ ਨਹੀਂ ਹੈ। ਇਸ ਲਈ ਪਟੀਸ਼ਨਕਰਤਾਵਾਂ ਦੀ ਅਪੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ। ਤਰੱਕੀ ਪ੍ਰਕਿਰਿਆ ਨੂੰ ਹਰੀ ਝੰਡੀ ਦਿੰਦੇ ਹੋਏ ਹਾਈ ਕੋਰਟ ਨੇ ਸਾਰੀਆਂ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ।