ਜਗਰਾਓਂ , 21 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਬਾਲ ਘਰ ਤਲਵੰਡੀ ਧਾਮ ਤੋਂ ਭੱਜ ਕੇ ਆਈ 18 ਸਾਲਾ ਮੰਦਬੁੱਧੀ ਲੜਕੀ ਨਾਲ ਕਿਸੇ ਅਣਪਛਾਤੇ ਵੱਲੋਂ ਜਬਰ ਜਨਾਹ ਕੀਤਾ ਗਿਆ। ਪਿੰਡ ਤਲਵੰਡੀ ਕਲਾ ਦੇ ਸਰਪੰਚ ਦੀ ਸ਼ਿਕਾਇਤ ’ਤੇ ਪੁਲੀਸ ਨੇ ਥਾਣਾ ਦਾਖਾ ਵਿੱਚ ਅਣਪਛਾਤੇ ਖ਼ਿਲਾਫ਼ ਧਾਰਾ 376 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦਾਖਾ ਤੋਂ ਏਐਸਆਈ ਸਰਵਜੀਤ ਕੌਰ ਨੇ ਦੱਸਿਆ ਕਿ ਸਰਪੰਚ ਹਰਬੰਸ ਸਿੰਘ ਪਿੰਡ ਤਲਵੰਡੀ ਕਲਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ ਕਿ 18 ਅਪਰੈਲ ਨੂੰ ਸਵੇਰੇ 7 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਤਲਵੰਡੀ ਖੁਰਦ ਦੀ ਸੜਕ ’ਤੇ ਇੱਕ ਲਾਵਾਰਿਸ ਲੜਕੀ ਘੁੰਮ ਰਹੀ ਹੈ। ਉਹ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਉੱਥੇ ਪਹੁੰਚਿਆ ਤਾਂ ਉੱਥੇ ਇੱਕ ਲੜਕੀ ਨੂੰ ਬਿਨਾਂ ਵਜ੍ਹਾ ਘੁੰਮਦੇ ਦੇਖਿਆ, ਜੋ ਦੇਖਣ ਤੋਂ ਪਿੱਛੇ ਮੰਦਬੁੱਧੀਬੱਚੀ ਲੱਗ ਰਹੀ ਸੀ। ਪੁੱਛਣ ‘ਤੇ ਉਸ ਲੜਕੀ ਨੇ ਆਪਣਾ ਨਾਂ ਵੀ ਦੱਸਿਆ। ਜਿਸ ‘ਤੇ ਸਰਪੰਚ ਹਰਬੰਸ ਸਿੰਘ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਉਕਤ ਲੜਕੀ ਨੂੰ ਆਪਣੇ ਘਰ ਲੈ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲੜਕੀ ਬਲ ਘਰ ਤਲਵੰਡੀ ਧਾਮ ਤੋਂ ਭੱਜ ਕੇ ਆਈ ਹੈ | ਜਿਸ ‘ਤੇ ਉਸ ਨੇ ਪੁਲਿਸ ਕੰਟਰੋਲ ਹੈਲਪਲਾਈਨ 112 ‘ਤੇ ਗੱਲ ਕਰਕੇ ਸੂਚਨਾ ਦਿੱਤੀ। ਸਰਪੰਚ ਹਰਬੰਸ ਸਿੰਘ ਅਨੁਸਾਰ ਅਜਿਹਾ ਲੱਗ ਰਿਹਾ ਸੀ ਕਿ ਕਿਸੇ ਨੇ ਲੜਕੀ ਨਾਲ ਬਲਾਤਕਾਰ ਕੀਤਾ ਹੈ। ਉਕਤ ਲੜਕੀ ਨੂੰ ਥਾਣਾ ਸੁਧਾਰ ਦੀ ਇੰਚਾਰਜ ਐਸਆਈ ਕਿਰਨਦੀਪ ਕੌਰ ਦੇ ਹਵਾਲੇ ਕਰ ਦਿੱਤਾ ਗਿਆ। ਸਰਪੰਚ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।