ਰਵਨੀਤ ਬਿੱਟੂ ਦਾ ਦਰਦ:
ਸਿਆਸਤ ਹੁਣ ਇੱਕ ਅਜਿਹਾ ਮੰਚ ਹੈ ਜਿੱਥੇ ਪਾਰਟੀ ਬਦਲਣ ਦੇ ਨਾਲ-ਨਾਲ ਵਫ਼ਾਦਾਰੀਆਂ ਵੀ ਬਦਲ ਜਾਂਦੀਆਂ ਹਨ। ਕਾਂਗਰਸ ਪਾਰਟੀ ਤੋਂ ਤਿੰਨ ਪੀੜ੍ਹੀਆਂ ਤੱਕ ਸੱਤਾ ਦਾ ਸੁੱਖ ਭੋਗਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਅਚਾਨਕ ਇਕਦਮ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਖਰਾਬ ਅਤੇ ਘਟੀਆ ਪਾਰਟੀ ਨਜ਼ਰ ਆਉਣ ਲੱਗ ਪਈ। ਸ਼ਾਇਦ ਉਹ ਇਹ ਭੁੱਲ ਗਏ ਕਿ ਇਹ ਉਹੀ ਕਾਂਗਰਸ ਪਾਰਟੀ ਹੈ ਜਿਸਨੇ ਉਸਦੇ ਦਾਦਾ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਹਰ ਤਰ੍ਹਾਂ ਦੀ ਖੁੱਲ੍ਹੀ ਛੋਟ ਦਿਤੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਾਲ ਕੋਹ ਕੋਹ ਕੇ ਮਾਰਿਆ ਗਿਆ ਉਸਦੀਆਂ ਦਾਸਤਾਨਾਂ ਅੱਜ ਵੀ ਸਾਹਮਣੇ ਆ ਰਹੀਆਂ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਇਸੇ ਕਾਂਗਰਸ ਪਾਰਟੀ ਨੇ ਸਵ. ਬੇਅੰਤ ਸਿੰਘ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਮੰਤਰੀ ਬਣਾਇਆ, ਧੀ ਗੁਰਕਮਲ ਕੌਰ ਨੂੰ ਮੰਤਰੀ ਬਣਾਇਆ, ਰਵਨੀਤ ਬਿੱਟੂ ਖੁਦ ਤਿੰਨ ਵਾਰ ਸੰਸਦ ਮੈਂਬਰ ਬਣੇ, ਭਰਾ ਗੁਰਕੀਰਤ ਸਿੰਘ ਨੂੰ ਦੋ ਵਾਰ ਵਿਧਾਇਕ ਬਣਾਇਆ, ਇਸ ਤੋਂ ਇਲਾਵਾ ਉਹਨਾਂ ਦੇ ਇੱਕ ਭਰਾ ਨੂੰ ਸਾਰੇ ਪ੍ਰੋਟੋਕੋਲ ਪਾਸੇ ਰੱਖ ਕੇ ਪੰਜਾਬ ਵਿੱਚ ਡੀ.ਐਸ.ਪੀ ਨਿਯੁਕਤ ਕੀਤਾ। ਜੇਕਰ ਰਵਨੀਤ ਬਿੱਟੂ ਨੂੰ ਹੁਣ ਉਹੀ ਕਾਂਗਰਸੀ ਖਰਾਬ ਅਤੇ ਸਿਧਾਂਤਹੀਣ ਲੱਗ ਰਹੀ ਹੈ ਤਾਂ ਇਸ ਨਾਲੋਂ ਵੱਡੀ ਬਿਡੰਬਣਾ ਹੋਰ ਕੋਈ ਨਹੀਂ ਹੋ ਸਕਦੀ। ਰਵਨੀਤ ਬਿੱਟੂ ਵੱਲੋਂ ਸੋਸ਼ਲ ਮੀਡੀਆ ’ਤੇ ਵੀਡੀਓ ਪੋਸਟ ਕਰਕੇ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਅਤੇ ਹਾਊਸ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਲੁਧਿਆਣਾ ਤੋਂ ਕੋਈ ਉਮੀਦਵਾਰ ਹੀ ਨਹੀਂ ਮਿਲ ਰਿਹਾ, ਜਿਸਨੂੰ ਉਹ ਉਨ੍ਹਾਂ ( ਬਿੱਟੂ ) ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਾਰ ਸਕਣ। ਇੱਥੇ ਇੱਕ ਦਿਲਚਸਪ ਗੱਲ ਸਾਹਮਣੇ ਆਈ ਜਿਸ ਵਿੱਚ ਬਿੱਟੂ ਨੇ ਕਿਹਾ ਕਿ ਲੁਧਿਆਣਾ ਤੋਂ ਕਾਂਗਰਸ ਇੱਕ ਬਾਹਰੀ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰ ਰਹੀ ਹੈ। ਇਸ ’ਤੇ ਉਨ੍ਹਾਂ ਕਾਂਗਰਸ ਪਾਰਟੀ ਦੇ ਉਨ੍ਹਾਂ ਵਰਕਰਾਂ ਨੂੰ ਯਾਦ ਕੀਤਾ ਜੋ ਸਟੇਜ ’ਤੇ ਨਹੀਂ ਸਗੋਂ ਸਟੇਜ ਦੇ ਸਾਹਮਣੇ ਬੈਠ ਕੇ ਪਾਰਟੀ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੋਵੇਗਾ ਜੇਕਰ ਕਾਂਗਰਸ ਲੁਧਿਆਣਾ ਚ ਕੋਈ ਬਾਹਰੀ ਉਮੀਦਵਾਰ ਖੜ੍ਹਾ ਕਰਦੀ ਹੈ ਅਤੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਕੋਈ ਬਾਹਰੋਂ ਉਮੀਦਵਾਰ ਲੈ ਕੇ ਆਉਂਦੀ ਹੈ ਤਾਂ ਲੁਧਿਆਣਾ ਦੇ ਕਾਂਗਰਸੀ ਵਰਕਰ ਉਸਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਬਿੱਟੂ ਦਾ ਇਹ ਬਿਆਨ ਬਹੁਤ ਦਿਲਚਸਪ ਹੈ। ਜਾਣੇ-ਅਣਜਾਣੇ ਵਿੱਚ ਉਹ ਆਪਣਾ ਦਰਦ ਬਿਆਨ ਕਰ ਹੀ ਗਏ। ਉਨ੍ਹਾਂ ਨੇ ਕਦੇ ਕਾਂਗਰਸ ਪਾਰਟੀ ਦੇ ਇੱਕ ਆਮ ਵਰਕਰ ਦੀ ਮਹੱਤਤਾ ਬਾਰੇ ਕਦੇ ਖੁਦ ਸੋਚਿਆ ਵੀ ਨਹੀਂ ਸੀ। ਉਨ੍ਹਾਂ ਨੇ ਜਿੱਤ ਹਾਸਿਲ ਕਰਨ ਤੋਂ ਬਾਅਦ ਨਾ ਤਾਂ ਕਦੇ ਕਿਸੇ ਹਲਕੇ ਵਿਚ ਜਾਣ ਦੀ ਜਰੂਰਤ ਸਮਝੀ, ਕਿਸੇ ਪਾਰਟੀ ਵਰਕਰ ਦਾ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ ਉਹ ਉਸਨੂੰ ਮਿਲਣ ਜਾਂ ਉਸਦਾ ਫੋਨ ਵੀ ਅਟੈਂਡ ਕਰਨ ਵੀ ਮੁਨਾਸਿਬ ਨਹੀਂ ਸਮਝਦੇ ਸਨ। ਜਿਸ ਕਾਰਨ ਇਸ ਸਮੇਂ ਕਾਂਗਰਸ ਦੇ ਪਾਰਟੀ ਵਰਕਰ ਹਰ ਹਲਕੇ ਤੋਂ ਉਨਾਂ ਨਾਲ ਨਾਰਾਜ਼ ਸਨ। ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਵਿਚ ਰਹਿੰਦੇ ਆਪਣੀ ਹਾਰ ਨੂੰ ਸਪਸ਼ਟ ਦੇਖਦੇ ਹੋਏ ਪਾਸਾ ਬਦਲ ਲਿਆ। ਆਪਣੇ ਬਿਆਨ ਚ ਬਿੱਟੂ ਨੇ ਕਾਂਗਰਸ ਦੀ ਖੂਬ ਆਲੋਚਨਾ ਕਰਦੇ ਹੋਏ ਨਜਰ ਆ ਰਹੇ ਹਨ। ਬਿੱਟੂ ਨੇ ਆਪਣੇ ਬਿਆਨ ’ਚ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਨੇ ਕਦੇ ਵੀ ਉਸਦੇ ਦਾਦਾ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਕਬੂਲ ਨਹੀਂ ਕੀਤਾ। ਉਨ੍ਹਾਂ ਨੂੰ ਇਹ ਜਰੂਰ ਦੱਸਣਾ ਚਾਹੀਦਾ ਹੈ ਕਿ ਹਰ ਸਾਲ ਜਦੋਂ ਉਹ ਬੇਅੰਤ ਸਿੰਘ ਦੀ ਸਮਾਧ ’ਤੇ ਪ੍ਰੋਗਰਾਮ ਕਰ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਜਾਂਦੇ ਸਨ ਤਾਂ ਕਾਂਗਰਸੀ ਵਰਕਰ ਅਤੇ ਆਗੂ ਹੀ ਉਨ੍ਹਾਂ ਦੇ ਨਾਲ ਹੁੰਦੇ ਸਨ ਜਾਂ ਭਾਜਪਾ ਜਾਂ ਸ਼੍ਰੋਮਣੀ ਕਮੇਟੀ ਵਾਲੇ ਵੀ ਉਨ੍ਹਾਂ ਦੇ ਨਾਲ ਬੇਅੰਤ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਲਈ ਜਾਂਦੇ ਸਨ ? ਰਵਨੀਤ ਬਿੱਟੂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਸ ਨੂੰ ਆਪਣੀ ਪਾਰਟੀ ਦੀ ਇੰਨੀ ਨੀਵੀਂ ਪੱਧਰ ’ਤੇ ਆਲੋਚਨਾ ਨਹੀਂ ਕਰਨੀ ਚਾਹੀਦੀ ਜਿਸ ਪਾਰਟੀ ਨੇ ਉਨਾਂ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਇਸ ਵੱਡੇ ਮੁਕਾਮ ’ਤੇ ਪਹੁੰਚਾਇਆ ਹੋਵੇ। ਕੌਣ ਜਾਣਦਾ ਹੈ ਕਿ ਉਨ੍ਹਾਂ ਨੂੰ ਕਦੋਂ ਘਰ ਵਾਪਸੀ ਕਰਨੀ ਪੈ ਜਾਏ। ਕਈ ਆਗੂ ਇਸ ਦੀਆਂ ਉਦਾਹਰਣਾਂ ਹਨ, ਜੋ ਆਪਣੀ ਮਾਂ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਚਲੇ ਗਏ ਸਨ ਅਤੇ ਉਸਤੋਂ ਬਾਅਦ ਉਨ੍ਹਾਂ ਦਾ ਜੋ ਹਸ਼ਰ ਦੂਸਰੀ ਪਾਰਟੀ ਵਿਚ ਹੋਇਆ ਉਸ ਨਾਲ ਜਲਦੀ ਹੀ ਉਨ੍ਹਾਂ ਦੇ ਹੋਸ਼ ਠਿਤਾਣੇ ਆ ਗਏ ਅਤੇ ਤੌਬਾ ਕਰਕੇ ਉਹ ਫਿਰ ਵੀ ਆਪਣੀ ਪਾਰਟੀ ਵਿੱਚ ਸ਼ਾਮਲ ਹੁੰਦੇ ਆਏ ਹਨ। ਭਾਜਪਾ ਪਾਸੋਂ ਤੁਹਾਨੂੰ ਲੁਧਿਆਣਾ ਤੋਂ ਟਿਕਟ ਮਿਲੀ ਪਰ ਟਿਕਟ ਲੈਣ ਦੇ ਨਾਲ-ਨਾਲ ਆਮ ਜਨਤਾ ਦੀਆਂ ਵੋਟਾਂ ਵੀ ਤਾਂ ਚਾਹੀਦੀਆਂ ਹਨ, ਜਿਸ ਲਈ ਸ਼ਾਇਦ ਤੁਹਾਡੀ ਪਿਛਲੀ ਕਾਰਗੁਜਾਰੀ ਨੂੰ ਦੇਖਦਿਆਂ ਫਿਲਹਾਲ ਤੁਹਾਡੀ ਝੋਲੀ ਜਿਆਦਾ ਖਾਲੀ ਨਜ਼ਰ ਆ ਰਹੀ ਹੈ। ਅਜੇ ਪੰਜਾਬ ਵਿਚ ਚੋਣਾਂ ਦਾ ਸਮਾਂ ਦੂਰ ਹੈ, ਹੋਰਨਾਂ ਪਾਰਟੀਆਂ ਵਲੋਂ ਵੀ ਆਪਣੇ ਉਮੀਦਵਾਰ ਖੜ੍ਹੇ ਕਰਨੇ ਬਾਕੀ ਹਨ। ਇਸ ਲਈ ਥੋੜਾ ਇੰਤਜ਼ਾਰ ਕਰੋ, ਕੌਣ ਜਾਣਦਾ ਹੈ ਕਿ ਤੁਹਾਨੂੰ ਕਿਸੇ ਤੁਹਾਡੇ ਹੀ ਨਜ਼ਦੀਕੀ ਨਾਲ ਮੁਕਾਬਲਾ ਕਰਨਾ ਪੈ ਜਾਵੇ। ਜੇਕਰ ਅਜਿਹਾ ਸਮਾਂ ਆ ਗਿਆ ਤਾਂ ਰਾਜਨੀਤਿਕ ਪਲੇਟਫਾਰਮ ’ਤੇ ਕੀ ਸਥਿਤੀ ਹੋਵੇਗੀ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ। ਇਸ ਲਈ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਕਿਸੇ ਵੀ ਨੇਤਾ ਨੂੰ ਆਪਣੇ ਵਿਰੋਧੀ ਲਈ ਨੀਵੇਂ ਹੱਦ ਤੱਕ ਨਹੀਂ ਜਾਣਾ ਚਾਹੀਦਾ। ਚੋਣਾਂ ਮੁੱਦਿਆਂ ਦੇ ਆਧਾਰ ਤੇ ਹੀ ਲੜੀਆਂ ਜਾਣੀਆਂ ਚਾਹੀਦੀਆਂ ਹਨ। ਇਸ ਲਈ ਹਰ ਉਮੀਦਵਾਰ ਆਪਣਾ ਵਿਜ਼ਨ ਦੱਸ ਕੇ ਜੰਤਾ ਵਿਚਕਾਰ ਜਾਏ ਅਤੇ ਵੋਟ ਮੰਗੇ। ਬਾਕੀ ਪਹਲਿਕ ਸਭ ਕੁਝ ਜਾਣਦੀ ਹੁੰਦੀ ਹੈ ਅਤੇ ਪਬਲਿਕ ਹੀ ਵੱਡੇ ਵੱਡਿਆਂ ਨੂੰ ਕਰਾਰਾ ਜਵਾਬ ਦੇਣ ਦੇ ਸਮਰੱਥ ਹੈ।
ਹਰਵਿੰਦਰ ਸਿੰਘ ਸੱਗੂ।