ਜਗਰਾਓਂ, 29 ਅਗਸਤ ( ਰਾਜੇਸ਼ ਜੈਨ)-ਸ਼ਹਿਰ ਦੇ ਪ੍ਰਸਿੱਧ ਸੰਸਥਾਨ ਮਹਾਪ੍ਰਗਯ ਸਕੂਲ ਵਿਖੇ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਦੀ ਦੂਰਅੰਦੇਸ਼ੀ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੇਧ ਦੇਣ ਤੇ ਜੀਵਨ ਸੁਆਰਨ ਲਈ ਗੱਲਬਾਤ ਪ੍ਰੋਗਰਾਮ “ਸਫਲਤਾ ਲਈ ਉਡਾਣ” ਦਾ ਆਯੋਜਨ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਮੇਜਰ ਅਮਿਤ ਸਰੀਨ, ਏ.ਡੀ.ਸੀ. ਜਗਰਾਉਂ ਦਾ ਸਕੂਲ ਪਹੁੰਚਣ ਤੇ ਐਨ.ਸੀ.ਸੀ. ਕੈਡਟਸ ਅਤੇ ਸਕੂਲ ਅਧਿਕਾਰੀਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਸਕੂਲ ਪਿ੍ੰਸੀਪਲ ਪ੍ਰਭਜੀਤ ਕੌਰ ਵਰਮਾ ਨੇ ਆਪਣੇ ਭਾਸ਼ਣ ਰਾਹੀਂ ਉਨ੍ਹਾਂ ਨੂੰ ਜੀ ਆਇਆਂ ਕਿਹਾ।
ਮੇਜਰ ਅਮਿਤ ਸਰੀਨ, ਏ.ਡੀ.ਸੀ. ਨੇ ਗੱਲਬਾਤ ਪ੍ਰੋਗਰਾਮ “ਸਫਲਤਾ ਲਈ ਉਡਾਣ” ਵਿੱਚ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਨਾ ਸਿਰਫ਼ ਤਸੱਲੀਬਖ਼ਸ਼ ਜੁਆਬ ਦਿੱਤੇ ਸਗੋਂ ਆਪਣੇ ਵਿਸ਼ਾਲ ਅਨੁਭਵਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਸੇਧ ਦੇਣ, ਉਲਝਣਾਂ ਨੂੰ ਸੁਲਝਾਉਣ, ਦਰਪੇਸ਼ ਔਕੜਾਂ ਤੋਂ ਨਿਜਾਤ ਦਿਵਾਉਣ ਦਾ ਰਾਹ ਸੁਝਾਇਆ। ਵਿਦਿਆਰਥੀਆਂ ਨੇ ਉਹਨਾਂ ਤੋਂ ਫੌਜ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ਤੇ ਸਿਆਚਿਨ ਗਲੇਸ਼ੀਅਰ ਤੇ ਫ਼ੌਜ ਦੀ ਕਾਰਗੁਜ਼ਾਰੀ ਅਤੇ ਸਿਵਿਲ ਸੇਵਾਵਾਂ ਦੇ ਕੰਮਕਾਜ ਬਾਰੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਰੱਬੀ ਰਹਿਮਤ ਲਈ ਪ੍ਰਾਰਥਨਾ ਕਰਕੇ ਦ੍ਰਿੜ ਨਿਸ਼ਚੇ, ਆਤਮਨਿਰੀਖਣ, ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਤੋਂ ਸੇਧ ਲੈਕੇ ਤੇ ਸਕਾਰਾਤਮਕ ਸੋਚ ਨਾਲ ਮਨੁੱਖ ਆਪਣੀ ਤਕਦੀਰ ਆਪ ਲਿਖ ਸਕਦਾ ਹੈ ਤੇ ਗਿਆਨ, ਐਟੀਟਿਊਡ, ਸਕਿੱਲ ਅਤੇ ਆਪਣੀਆਂ ਆਦਤਾਂ ਸੁਧਾਰ ਕੇ ਹਰ ਖੇਤਰ ਵਿੱਚ ਮੱਲ੍ਹਾ ਮਾਰ ਸਕਦਾ ਹੈ।
ਇਸ ਮੌਕੇ ਸਕੂਲ ਡਾਇਰੈਕਟਰ ਸ਼੍ਰੀ ਵਿਸ਼ਾਲ ਜੈਨ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦਾ ਟੀਚਾ ਮਿੱਥ ਕੇ ਲਗਨ – ਮਿਹਨਤ ਨਾਲ ਅੱਗੇ ਵਧਣ ਅਤੇ ਮੇਜਰ ਅਮਿਤ ਸਰੀਨ ਏ.ਡੀ.ਸੀ. ਜਗਰਾਉਂ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇਹੋ ਜਿਹੇ ਸਮਾਗਮ ਸਕੂਲ ਵਿੱਚ ਕਰਵਾਏ ਜਾਂਦੇ ਰਹਿਣਗੇ।ਮੰਚ ਸੰਚਾਲਨ ਦੀ ਭੂਮਿਕਾ ਖੁਸ਼ਪ੍ਰੀਤ ਕੌਰ ਅਤੇ ਪਲਕਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪਿ੍ੰਸੀਪਲ ਅਮਰਜੀਤ ਕੌਰ ਅਤੇ ਹੋਰ ਅਧਿਆਪਕ ਮੌਜੂਦ ਸਨ। ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ।