ਬਠਿੰਡਾ (ਅਨਿੱਲ ਕੁਮਾਰ-ਮੁਕੇਸ ਕੁਮਾਰ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੇਂਡੂ ਸਿਹਤ ਕੇਂਦਰਾਂ ਵਿਚੋਂ ਸਟਾਫ ਨੂੰ ਆਮ ਆਦਮੀ ਕਲੀਨਿਕਾਂ ਵਿਚ ਤਬਦੀਲ ਕਰ ਕੇ ਇਨ੍ਹਾਂ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਹੈ ਜਦੋਂ ਕਿ ਆਪ ਕਲੀਨਿਕ ਪੰਜਾਬੀਆਂ ਨੂੰ ਲੋੜੀਂਦੀਆਂ ਸਿਹਤ ਸੰਭਾਲ ਸਹੂਲਤਾਂ ਦੇਣ ਵਿਚ ਨਾਕਾਮ ਰਹੇ ਹਨ।ਅਕਾਲੀ ਦਲ ਦੇ ਪ੍ਰਧਾਨ, ਜਿਨ੍ਹਾਂ ਨੇ ਸੰਗਤ, ਭੁੱਚੋ ਅਤੇ ਗੋਨਿਆਣਾ ਮੰਡੀ ਵਿਚ ਲੋਕਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਕਲੀਨਿਕ ਵਿਚ ਆਮ ਦਵਾਈਆਂ ਵੀ ਉਪਲਬਧ ਨਹੀਂ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਹਸਪਤਾਲਾਂ ਵਿਚ ਸੁਪਰ ਸਪੈਸ਼ਲਿਟੀ ਸਿਹਤ ਸੇਵਾਵਾਂ ਅਤੇ ਸੂਬੇ ਵਿਚ 16 ਮੈਡੀਕਲ ਕਾਲਜ ਸਥਾਪਿਤ ਕਰਨ ਦੀ ਗੱਲ ਕਰਦੀ ਸੀ ਪਰ ਇਹ ਲੋਕਾਂ ਨੂੰ ਆਮ ਦਵਾਈਆਂ ਦੇਣ ਵਾਸਤੇ ਛੋਟੇ ਕਲੀਨਿਕ ਸਥਾਪਿਤ ਕਰਨ ਵਿਚ ਵੀ ਨਾਕਾਮ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਲੀਨਿਕ ਸਥਾਪਿਤ ਕਰਨ ’ਤੇ ਸੈਂਕੜੇ ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਵੀ ਆਬਕਾਰੀ ਘੁਟਾਲੇ ਵਾਂਗੂ ਹੀ ਇਕ ਘੁਟਾਲਾ ਹੈ ਅਤੇ ਅਕਾਲੀ ਦਲ ਦੇ ਸੱਤਾ ਵਿਚ ਆਉਣ ’ਤੇ ਇਹ ਸਾਬਤ ਕੀਤਾ ਜਾਵੇਗਾ ਤੇ ਉਪਰੋਂ ਹੇਠਾਂ ਤਕ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਗੋਨਿਆਣਾ ਮੰਡੀ ਵਿਖੇ ਲੋਕਾਂ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਕਿਵੇਂ ਬੁਢਾਪਾ ਪੈਨਸ਼ਨ ਤੇ ਆਟਾ ਦਾਲ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਵਿਚੋਂ ਉਨ੍ਹਾਂ ਦੇ ਨਾਂ ਕੱਟ ਦਿੱਤੇ ਗਏ। ਸਰਦਾਰ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਪੰਜਾਬੀ ਆਪ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਬਰਬਾਦ ਕਰਨ ਤੋਂ ਔਖੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਵੱਲੋਂ ਹੋਰ ਰਾਜਾਂ ਵਿਚ ਚੋਣ ਪ੍ਰਚਾਰ ਕਰਨ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ। ਇਸਦੇ ਨਾਲ ਹੀ ਪੰਜਾਬ ਦੇ ਸਿਰ 1000 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਦਾ ਖਰਚਾ ਪਾਇਆ ਗਿਆ ਹੈ।ਇਸ ਦੌਰਾਨ ਅਨੇਕਾਂ ਲੋਕਾਂ ਨੇ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਵੱਲੋਂ ਭੇਜੇ ਜਾ ਰਹੇ ਬਿਜਲੀ ਦੇ ਮੋਟੇ-ਮੋਟੇ ਬਿੱਲ ਵਿਖਾਏ। ਲੋਕਾਂ ਨੇ ਜ਼ੋਰ ਦੇ ਕੇ ਆਖਿਆ ਕਿ ਆਪ ਸਰਕਾਰ ਕੁਝ ਸੀਮਤ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਲੱਖਾਂ ਲੋਕਾਂ ਨੂੰ ਬਿਜਲੀ ਦੇ ਮੋਟੇ-ਮੋਟੇ ਬਿੱਲ ਭੇਜ ਰਹੀ ਹੈ। ਲੋਕਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਸ਼ਹਿਰਾਂ ਵਿਚ ਸੀਵਰੇਜ ਸਿਸਟਮ ਸਮੇਤ ਸ਼ਹਿਰੀ ਸਹੂਲਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਦੌਰਾਨ ਪ੍ਰਕਾਸ਼ ਭੱਟੀ, ਮੋਹਿਤ ਗੁਪਤਾ, ਬਲਕਾਰ ਬਰਾੜ, ਜਗਸੀਰ ਕਲਿਆਣ ਤੇ ਮਾਨ ਸਿੰਘ ਗੁਰੂ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੌਜੂਦ ਸਨ।