ਜਗਰਾਓਂ, 24 ਜੂਨ ( ਜਗਰੂਪ ਸੋਹੀ, ਬੌਬੀ ਸਹਿਜਲ)- ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਵਲੋਂ ਪ੍ਰਵਾਸੀ ਭਾਰਤੀ ਦੀ ਕੋਠੀ ਤੇ ਕਬਜਾ ਕਰਨ ਖਿਲਾਫ ਇਲਾਕੇ ਦੀ ਸੋਲਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਅਤੇ ਦੇਸ਼ ਵਿਦੇਸ਼ ਚੋ ਇਨਸਾਫ ਪਸੰਦ ਲੋਕਾਂ ਦੇ ਦਬਾਅ ਕਾਰਨ ਪੀੜਤ ਪਰਿਵਾਰ ਨੂੰ ਕੋਠੀ ਦਾ ਮਾਲਿਕਾਨਾ ਹਕ ਨਸੀਬ ਹੈਇਆ।ਜਥੇਬੰਦੀਆਂ ਵਲੋਂ ਜਿਲਾ ਪੁਲਿਸ ਮੁਖੀ ਤੋਂ ਕੋਠੀ ਦੀਆਂ ਚਾਬੀਆਂ ਜਾਲੀ ਮਾਲਕ ਕਰਮ ਸਿੰਘ ਤੋਂ ਹਾਸਿਲ ਕਰ ਕੇ ਅਸਲ ਮਾਲਕ ਨੂੰ ਸੋਪਣ ਦੀ ਮੰਗ 26 ਜੂਨ ਦੇ ਕੋਠੀ ਵੱਲ ਮਾਰਚ ਕਰਨ ਦੇ ਸੱਦੇ ਕਾਰਨ ਹੀ ਪੂਰੀ ਹੋਈ । ਐਕਸ਼ਨ ਕਮੇਟੀ, ਸਥਾਨਕ ਕੌਂਸਲਰਾਂ ਅਤੇ ਮੀਡੀਆ ਦੀ ਹਾਜਰੀ ਚ ਸਬੰਧਤ ਪਰਿਵਾਰ ਨੂੰ ਨਾਰਿਆਂ ਤੇ ਜੈਕਾਰਿਆਂ ਦੀ ਗੂੰਜ ਚ ਕੋਠੀ ਚ ਦਾਖਲ ਕਰਵਾਇਆ ਗਿਆ। ਇਹ ਵਿਚਾਰ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਪ੍ਰਗਟ ਕੀਤੇ। ਉਨਾਂ ਇਸ ਪੂਰੇ ਘਟਨਾਕ੍ਰਮ ਵਿੱਚ ਸ਼ਾਮਲ ਕਰਮ ਸਿੰਘ ਵਲੋਂ ਜਥੇਬੰਦੀ ਦੇ ਜਗਰਾਂਓ ਬਲਾਕ ਪ੍ਰਧਾਨ ਨੂੰ ਫੋਨ ਤੇ ਧਮਕੀਆਂ ਦੇਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਹੋਰਨਾਂ ਮੰਗਾਂ ਦੇ ਨਾਲ ਨਾਲ ਇਸ ਮੁੱਦੇ ਤੇ ਵੀ ਕਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਨਾਂ ਸਮੂਹ ਇਲਾਕਾ ਵਾਸੀਆਂ ਨੂੰ ਇਸ ਅਧੂਰੀ ਜਿੱਤ ਨੂੰ ਪੂਰੀ ਜਿੱਤ ਚ ਬਦਲਣ ਲਈ, ਕੋਠੀ ਤੇ ਕਬਜਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ 26 ਜੂਨ ਨੂੰ ਸੋਮਵਾਰ ਸਵੇਰੇ 10 ਵਜੇ ਜਗਰਾਂਓ ਜੀ ਟੀ ਰੋਡ ਤੇ ਪੁਲ ਹੇਠਾਂ ਐਨ ਆਰ ਆਈ ਦੀਆਂ ਜਾਇਦਾਦਾਂ ਬਚਾਓ ਐਕਸ਼ਨ ਕਮੇਟੀ ਵਲੋਂ ਕੀਤੀ ਜਾ ਰਹੀ ਚਿਤਾਵਨੀ ਰੈਲੀ ਚ ਕੰਮ ਦੀ ਰੁੱਤ ਦੇ ਬਾਵਜੂਦ ਜੋਰ ਸ਼ੋਰ ਨਾਲ ਪੰਹੁਚਣ ਦੀ ਅਪੀਲ ਕੀਤੀ ਹੈ। ਉਨਾ ਕਿਹਾ ਕਿ ਪ੍ਰਵਾਸੀ ਪਰਿਵਾਰ ਦੀ ਧੀ ਕੁਲਦੀਪ ਕੌਰ ਵਲੋਂ ਬਲਤੇਜ ਪੰਨੂ ਦੀ ਬੇਵਜਹ ਤਰੀਫ ਦੇ ਮਾਮਲੇ ਚ,ਵੀਡੀਓ ਕਵਰੇਜ ਰਾਹੀਂ ਮਾਫੀ ਮੰਗਦਿਆਂ 26 ਜੂਨ ਦੀ ਰੈਲੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਤਾ ਕਿ ਸਾਰੇ ਦੋਸ਼ੀਆਂ ਤੇ ਕਨੂੰਨੀ ਕਾਰਵਾਈ ਲਈ ਚਲਣ ਵਾਲੇ ਸੰਘਰਸ਼ ਚ ਸ਼ਾਮਿਲ ਰਹਿਣਗੇ।