ਦਾਖਾ, 16 ਜੂਨ ( ਰੋਹਿਤ ਗੋਇਲ )-ਫੋਂਗਸ ਕੰਪਨੀ ਦੀਆਂ ਮਸ਼ੀਨਾਂ ਲੈਣ ਲਈ ਹੋਏ ਸਮਝੌਤੇ ਅਨੁਸਾਰ ਕੰਪਨੀ ਦੀਆਂ ਮਸ਼ੀਨਾਂ ਦੇਣ ਦੀ ਬਜਾਏ ਲੋਕਲ ਅਸੈਂਬਲ ਕੀਤੀਆਂ ਮਸ਼ੀਨਾਂ ਸਪਲਾਈ ਕਰਨ ਤੇ ਗੋਲਡਨ ਐਵੀਨਿਊ ਲੁਧਿਆਣਾ ਦੇ ਰਹਿਣ ਵਾਲੇ ਕਮਲਜੀਤ ਸਿੰਘ ਸੈਣੀ ਖਿਲਾਫ ਧੋਖਾਧੜੀ ਦੇ ਦੋਸ਼ ਹੇਠ ਥਾਣਾ ਦਾਖਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਇੰਦਰ ਮੋਹਨ ਜੈਨ ਡਾਇਰੈਕਟਰ ਆਫ ਸੀ.ਕੇ.ਮੋਹਨ ਕਿੰਟਰਸ ਪ੍ਰਾਈਵੇਟ ਲਿਮਟਿਡ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਕਮਲਜੀਤ ਸੈਣੀ ਨੂੰ ਫੋਂਗਸ ਕੰਪਨੀ ਦੀਆਂ ਮਸ਼ੀਨਾਂ ਲੈਣ ਲਈ ਕਿਹਾ ਸੀ। ਜਿਸ ਦੀ ਸਾਰੀ ਜ਼ਿੰਮੇਵਾਰੀ ਕਮਲਜੀਤ ਸੈਣੀ ਦੀ ਸੀ। ਉਸ ਨੂੰ ਅਗਸਤ 2022 ਵਿੱਚ 90000 ਰੁਪਏ ਦਿੱਤੇ ਗਏ ਸਨ ਅਤੇ ਸਤੰਬਰ 2022 ਵਿੱਚ ਉਸ ਵੱਲੋਂ ਦਿੱਤੇ ਖਾਤੇ ਨੰਬਰ ਵਿੱਚ 72000 ਰੁਪਏ ਜਮ੍ਹਾਂ ਕਰਵਾਏ ਗਏ ਸਨ। ਇਸ ਤੋਂ ਬਾਅਦ ਕੰਪਨੀ ਵੱਲੋਂ 3 ਸੈਕਿੰਡ ਹੈਂਡ ਫੋਂਗਸ ਡਾਇੰਗ ਮਸ਼ੀਨਾਂ ਖਰੀਦਣ ਦਾ ਬਿੱਲ ਜਾਰੀ ਕੀਤਾ ਗਿਆ ਅਤੇ ਮਸ਼ੀਨਾਂ ਫਰਵਰੀ 2023 ਵਿੱਚ ਡਿਲੀਵਰ ਕਰ ਦਿੱਤੀਆਂ ਗਈਆਂ। ਇਸ ਸਬੰਧੀ ਸ਼ਿਕਾਇਤਕਰਤਾ ਨੇ ਕੰਪਨੀ ਵੱਲੋਂ ਜਾਰੀ ਕੀਤੇ ਚਲਾਨ ਦੀ ਕਾਪੀ ਵੀ ਪੇਸ਼ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਕਤ ਮਸ਼ੀਨਾਂ ਫੈਕਟਰੀ ’ਚ ਪੁੱਜੀਆਂ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਭੇਜੀਆਂ ਗਈਆਂ ਮਸ਼ੀਨਾਂ ਫੋਂਗਸ ਕੰਪਨੀ ਦੀਆਂ ਨਹੀਂ ਸਨ ਅਤੇ ਨਾ ਹੀ ਇਨ੍ਹਾਂ ’ਤੇ ਕਿਸੇ ਕੰਪਨੀ ਦੀ ਮੋਹਰ ਲੱਗੀ ਹੋਈ ਸੀ, ਸਗੋਂ ਇਹ ਮਸ਼ੀਨਾਂ ਬਹੁਤ ਖਰਾਬ ਹਾਲਤ ’ਚ ਸਨ ਅਤੇ ਕਈ ਥਾਵਾਂ ’ਤੇ ਜੋੜਾਂ ਨੂੰ ਵੈਲਡਿੰਗ ਕਰਕੇ ਜੋੜ ਵੀ ਲਗਾਏ ਹੋਏ ਸਨ। ਜੇਕਰ ਇਹਨਾਂ ਨੂੰ ਇੰਸਟਾਲ ਕਰਕੇ ਚਲਾਇਆ ਜਾਂਦਾ ਹੈ, ਤਾਂ ਇਹ ਫਟ ਸਕਦੀਆਂ ਹਨ। ਜਿਸ ਕਾਰਨ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਸ਼ਿਕਾਇਤ ਦੀ ਜਾਂਚ ਡੀ.ਐਸ.ਪੀ.ਦਾਖਾ ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਕਮਲਜੀਤ ਸਿੰਘ ਸੈਣੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।