ਫ਼ੈਕਟਰੀਆਂ ਬੰਦ ਨਾ ਹੋਣ ਦੀ ਸੂਰਤ ਚ 2 ਅਗਸਤ ਨੂੰ ਡੀ ਸੀ ਦਫ਼ਤਰ ਨੂੰ ਕਰਾਂਗੇ ਜਾਮ
ਜਗਰਾਓਂ, 18 ਜੁਲਾਈ ( ਜਗਰੂਪ ਸੋਹੀ, ਅਸ਼ਵਨੀ)-ਚੌਥੀ ਵੇਰ ਪ੍ਰਦੁਸ਼ਿਤ ਗੈਸ ਫੈਕਟਰੀਆਂ ਵਿਰੋਧੀ ਤਾਲਮੇਲ ਕਮੇਟੀ ਦੀ ਮੀਟਿੰਗ ਡੀ ਸੀ ਲੁਧਿਆਣਾ ਮੈਡਮ ਸਾਕਸ਼ੀ ਸਾਹਨੀ ਨਾਲ ਹੋਈ। ਮੀਟਿੰਗ ਚ ਅਖਾੜਾ , ਭੂੰਦੜੀ, ਮੁਸ਼ਕਾਬਾਦ, ਘੁੰਗਰਾਲੀ ਰਾਜਪੂੱਤਾਂ ਸੰਘਰਸ਼ ਮੋਰਚਿਆਂ ਦੇ ਨੁਮਾਇੰਦਿਆਂ ਨੇ ਸੁਖਦੇਵ ਸਿੰਘ ਭੂੰਦੜੀ ਦੀ ਅਗਵਾਈ ਚ ਸ਼ਿਰਕਤ ਕੀਤੀ। ਇਸ ਸਮੇਂ ਡੀ ਸੀ ਵੱਲੋਂ ਤਾਲਮੇਲ ਕਮੇਟੀ ਨੂੰ ਦੱਸਿਆ ਕਿ ਮਾਹਰਾਂ ਵਲੋ ਪਾਣੀ ਦੇ ਸੈੰਪਲ ਦੀ ਰਿਪੋਰਟ ਅਜੇ ਪ੍ਰਾਪਤ ਨਹੀ ਹੋਈ। ਵਫ਼ਦ ਨੇ ਰਿਪੋਰਟ ਦੀ ਆੜ ਚ ਮਸਲੇ ਨੂੰ ਲਗਾਤਾਰ ਲਟਕਾਉਣ ਤੇ ਰੋਸ ਦਾ ਇਜ਼ਹਾਰ ਕੀਤਾ ਤਾਂ ਜਿਲਾ ਅਧਿਕਾਰੀ ਨੇ ਰਿਪੋਰਟ ਜਲਦੀ ਮੰਗਵਾਉਣ ਦਾ ਭਰੋਸਾ ਦਿੱਤਾ। ਜਿਲਾ ਅਧਿਕਾਰੀ ਨੇ ਦੱਸਿਆ ਕਿ ਪਰਦੁਸ਼ਿਤ ਫੈਕਟਰੀਆ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਚ ਲਿਆਂਦਾ ਜਾ ਚੁੱਕਾ ਹੈ ਤੇ ਜਲਦੀ ਹੀ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਸਮੇਂ ਡੀ ਸੀ ਮੈਡਮ ਵਲੋਂ ਮਸਲੇ ਦੇ ਹੱਲ ਲਈ ਦਸ ਦਿਨ ਦਾ ਹੋਰ ਸਮਾਂ ਦੇਣ ਦੀ ਮੰਗ ਕੀਤੀ ਗਈ । ਉਪਰੰਤ ਤਾਲਮੇਲ ਕਮੇਟੀ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਜੇਕਰ ਦਸ ਦਿਨਾਂ ਦੇ ਅੰਦਰ ਅੰਦਰ ਮਸਲੇ ਦਾ ਪੱਕਾ ਹੱਲ ਨਾ ਹੋਇਆ ਤਾਂ 2 ਅਗਸਤ ਨੂੰ ਵਿਸ਼ਾਲ ਇਕੱਤਰਤਾ ਵੱਲੋਂ ਡੀ ਸੀ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਚਾਰ ਚਾਰ ਮਹੀਨੇ ਤੌ ਉੱਪਰ ਸਮੇਂ ਤੋਂ ਚਾਰ ਥਾਵਾਂ ਤੇ ਸੰਘਰਸ਼ ਮੋਰਚੇ ਚੱਲ ਰਹੇ ਹਨ ਤੇ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਮਿਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਤਾਲਮੇਲ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਡੰਗ ਟਪਾਊ ਰਵੱਈਏ ਪ੍ਰਤੀ ਲੋਕਾਂ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮਸਲਾ ਹੱਲ ਨਾ ਹੋਣ ਦੀ ਸੂਰਤ ਚ ਮਾਹੋਲ ਚ ਉਤੇਜਨਾ ਦੀ ਸੂਰਤ ਚ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਚ ਉਪਰੋਕਤ ਤੋਂ ਬਿਨਾਂ ਗੁਰਤੇਜ ਸਿੰਘ ਅਖਾੜਾ, ਮਾਸਟਰ ਗੁਲਵੰਤ ਸਿੰਘ , ਹਰਦੇਵ ਸਿੰਘ ਅਖਾੜਾ, ਜਗਮੋਹਨ ਸਿੰਘ ਭੂੰਦੜੀ, ਹਰਮੀਤ ਸਿੰਘ ਮੁਸ਼ਕਾਬਾਦ , ਨਿਰਮਲ ਸਿੰਘ ਮੁਸ਼ਕਾਬਾਦ ,ਮਲਵਿੰਦਰ ਸਿੰਘ, ਭਿੰਦਰ ਸਿੰਘ ਭਿੰਦੀ ਆਦਿ ਹਾਜ਼ਰ ਸਨ ।