– ਨਕਲੀ/ਬੋਗਸ ਬਿਲ/ਬਿਲਟੀਆਂ ਵਾਲੇ ਵਾਹਨ ਜ਼ਿਲ੍ਹੇ ਵਿੱਚ ਨਹੀਂ ਦਾਖਲ ਹੋਣਗੇ
ਫ਼ਤਹਿਗੜ੍ਹ ਸਾਹਿਬ, 06 ਅਕਤੂਬਰ: ( ਬੌਬੀ ਸਹਿਜਲ, ਧਰਮਿੰਦਰ) –
ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 ( 2 ਆਫ 1974) ਦੀ ਧਾਰਾ 144 ਅਧੀਨ ਦੂਸਰੇ ਰਾਜਾਂ ਤੋਂ ਝੋਨੇ ਜਾਂ ਚਾਵਲਾਂ ਦੇ ਆਉਣ ਵਾਲੇ ਉਨ੍ਹਾਂ ਟਰੱਕਾਂ ਜ਼ਿਨ੍ਹਾਂ ਦੇ ਬਿਲ/ਬਿਲਟੀਆਂ ਨਕਲੀ ਜਾਂ ਬੋਗਸ ਫਰਮਾਂ ਦੇ ਪਾਏ ਜਾਂਦੇ ਹਨ, ਦੇ ਜ਼ਿਲ੍ਹੇ ਵਿੱਚ ਦਾਖਲ ਹੋਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਫਸਲ ਐਮ.ਐਸ.ਪੀ. ਤੇ ਖਰੀਦੀ ਜਾਂਦੀ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੰਤੂ ਕਈ ਸ਼ਰਾਰਤੀ ਅਨਸਰਾਂ ਵੱਲੋਂ ਬਾਹਰਲੇ ਸੂਬਿਆਂ ਤੋਂ ਝੋਨਾ/ਚਾਵਲ ਘੱਟ ਰੇਟ ਤੇ ਖਰੀਦ ਕੇ ਇਧਰਲੀਆਂ ਮੰਡੀਆਂ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਵੇਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਨਾਲ ਬੋਗਸ ਖਰੀਦ ਦਾ ਖਤਰਾ ਬਣਿਆਂ ਰਹਿੰਦਾ ਹੈ। ਇਸ ਨਾਲ ਜਿਥੇ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ ਉਥੇ ਖਰੀਦ ਏਜੰਸੀਆਂ ਨੂੰ ਵੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਅਜਿਹੀ ਕੁਪ੍ਰਥਾ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਤੇ ਜ਼ਿਲ੍ਹਾ ਮੰਡੀ ਅਫਸਰ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ।