ਜਗਰਾਉਂ, 16 ਜੁਲਾਈ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਨੇ 7 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 14 ਕਿੱਲੋ ਚੂਰਾ ਪੋਸਤ, 270 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 140 ਨਸ਼ੀਲੀਆਂ ਗੋਲੀਆਂ, 30 ਲੀਟਰ ਨਾਜਾਇਜ਼ ਦੇਸੀ ਸ਼ਰਾਬ ਅਤੇ 35 ਲੀਟਰ ਲਾਹਣ ਬਰਾਮਦ ਕੀਤੀ। ਥਾਣਾ ਸਦਰ ਰਾਏਕੋਟ ਤੋਂ ਏ.ਐਸ.ਆਈ ਮਨੋਹਰ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਬੁਰਜ ਹਰੀ ਸਿੰਘ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਉੱਥੇ ਇਤਲਾਹ ਮਿਲੀ ਕਿ ਸਰਵਜੀਤ ਸਿੰਘ ਉਰਫ ਬੱਬੂ ਵਾਸੀ ਤਾਜਪੁਰ ਰੋਡ, ਕੁੱਲਾ ਪੱਤੀ, ਰਾਏਕੋਟ ਭੁੱਕੀ ਵੇਚਣ ਦਾ ਧੰਦਾ ਕਰਦਾ ਹੈ, ਜੋ ਆਪਣੀ ਜੁਪੀਟਰ ਸਕੂਟੀ ’ਤੇ ਭੁੱਕੀ ਲੈ ਕੇ ਛੱਜਾਵਾਲ ਤੋਂ ਰਾਏਕੋਟ ਵਾਇਆ ਤਲਵੰਡੀ ਰਾਏ ਜਾ ਰਿਹਾ ਹੈ। ਇਸ ਸੂਚਨਾ ’ਤੇ ਬੁਰਜ ਹਰੀ ਸਿੰਘ ਤੋਂ ਰਾਜੋਆਣਾ ਖੁਰਦ ਨੂੰ ਜਾਂਦੇ ਚੌਰਾਹੇ ’ਤੇ ਨਾਕਾਬੰਦੀ ਕਰਕੇ ਸਕੂਟਰੀ ਨੂੰ 2 ਕਿਲੋ ਭੁੱਕੀ ਚੂਰਾ ਪੋਸਤ ਲੈ ਕੇ ਜਾ ਰਹੇ ਸਰਵਜੀਤ ਸਿੰਘ ਨੂੰ ਕਾਬੂ ਕੀਤਾ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਗੁਰਦੀਪ ਸਿੰਘ ਉਰਫ ਦੇਬੀ ਵਾਸੀ ਪਿੰਡ ਛੱਜਾਵਾਲ ਤੋਂ ਭੁੱਕੀ ਚੂਰਾ ਲੈ ਕੇ ਆਉਂਦਾ ਸੀ। ਉਕਤ ਮਾਮਲੇ ’ਚ ਗੁਰਦੀਪ ਸਿੰਘ ਨੂੰ ਨਾਮਜ਼ਦ ਕਰਨ ਤੋਂ ਬਾਅਦ ਉਸ ਦੇ ਘਰ ਛਾਪਾ ਮਾਰ ਕੇ ਉਥੋਂ 1 ਕਿਲੋ ਭੁੱਕੀ ਅਤੇ 120 ਬੋਤਲਾਂ ਨਾਜਾਇਜ਼ ਸ਼ਰਾਬ ਸੇਲ ਫਾਰ ਚੰਡੀਗੜ੍ਹ ਬਰਾਮਦ ਕੀਤੀਆਂ ਗਈਆਂ। ਦੋਵਾਂ ਖਿਲਾਫ ਥਾਣਾ ਸਦਰ ਰਾਏਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿੱਧਵਾਂਬੇਟ ਤੋਂ ਏ.ਐਸ.ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਡਰੇਨ ਪੁਲ ਬਾਹੱਦ ਪਿੰਡ ਅੱਬੂਪੁਰਾ ਕੋਲ ਮੌਜੂਦ ਸਨ। ਉਥੇ ਸਿੱਧਵਾਂਬੇਟ ਵਾਲੇ ਪਾਸੇ ਤੋਂ ਮੋਟਰਸਾਈਕਲ ’ਤੇ ਇਕ ਵਿਅਕਤੀ ਆ ਰਿਹਾ ਸੀ। ਜਿਸ ਦੇ ਮੋਟਰਸਾਈਕਲ ਦੀ ਟੈਂਕੀ ’ਤੇ ਪਲਾਸਟਿਕ ਦਾ ਗਟੂ ਰੱਖਿਆ ਹੋਅਆ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਕੇ ਪਿੱਛੇ ਮੁੜਨ ਲੱਗਾ। ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ। ਪੁੱਛਗਿੱਛ ਕਰਨ ’ਤੇ ਉਸ ਨੇ ਆਪਣਾ ਨਾਮ ਬਲਜਿੰਦਰ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਗੋਸੂਵਾਲ ਟਿੱਬਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਦੱਸਿਆ। ਜਦੋਂ ਉਸ ਦੇ ਮੋਟਰਸਾਈਕਲ ’ਤੇ ਰੱਖੇ ਗੱਟੂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਦਾਖਾ ਦੇ ਐਸ.ਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਤਰਨਜੀਤ ਸਿੰਘ ਵਾਸੀ ਬੁੱਢਾ ਪੱਤੀ ਪਿੰਡ ਦਾਖਾ ਨੂੰ ਉਸ ਦੇ ਬਾਹਰਲੇ ਘਰ ਛਾਪਾ ਮਾਰ ਕੇ 11 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਬੱਸ ਅੱਡਾ ਚੌਂਕੀ ਦੇ ਏ.ਐਸ.ਆਈ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ’ਤੇ ਮੌਜੂਦ ਸਨ। ਸੂਚਨਾ ਮਿਲੀ ਕਿ ਪਿੰਡ ਕੋਠੇ ਬੱਗੂ ਦਾ ਰਹਿਣ ਵਾਲਾ ਜਗਤਾਰ ਸਿੰਘ ਉਰਫ਼ ਪੱਪੂ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦਾ ਹੈ। ਜੋ ਕੱਢੀ ਹੋਈ ਸ਼ਰਾਬ ਨੂੰ ਪਲਾਸਟਿਕ ਦੀ ਕੇਨੀ ਵਿੱਚ ਪਾ ਕੇ ਐਲਆਈਸੀ ਚੌਕ ਤੋਂ ਜੀਐਚਜੀ ਅਕੈਡਮੀ ਵੱਲ ਜਾ ਰਿਹਾ ਹੈ। ਇਸ ਸੂਚਨਾ ’ਤੇ ਨਵੀਂ ਅਨਾਜ ਮੰਡੀ ’ਚ ਛਾਪਾ ਮਾਰ ਕੇ ਜਗਤਾਰ ਸਿੰਘ ਨੂੰ 30 ਲੀਟਰ ਨਾਜਾਇਜ਼ ਦੇਸੀ ਸ਼ਰਾਬ ਅਤੇ 35 ਲੀਟਰ ਲਾਹਣ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਤੋਂ ਸਬ ਇੰਸਪੈਕਟਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਚੈਕਿੰਗ ਲਈ ਪਿੰਡ ਮੱਲਾ ਤੋਂ ਰਸੂਲਪੁਰ ਜਾ ਰਹੇ ਸਨ। ਰਸਤੇ ’ਚ ਪੁਲਸ ਪਾਰਟੀ ਨੂੰ ਦੇਖ ਕੇ ਦੋ ਲੜਕਿਆਂ ਨੇ ਆਪਣੇ ਹੱਥਾਂ ’ਚ ਫੜੇ ਲਿਫਾਫੇ ਸੁੱਟ ਦਿੱਤੇ ਅਤੇ ਖੇਤਾਂ ਵੱਲ ਜਾਣ ਲੱਗੇ। ਉਨ੍ਹਾਂ ਨੂੰ ਕਾਬੂ ਕਰਕੇ ਪੁੱਛਣ ’ਤੇ ਉਨ੍ਹਾਂ ਨੇ ਆਪਣਾ ਨਾਂ ਸੁਖਵੀਰ ਸਿੰਘ ਉਰਫ਼ ਗੁਗਲੀ ਅਤੇ ਗੁਰਮੀਤ ਸਿੰਘ ਵਾਸੀ ਤੁਗਲ ਪੱਤੀ ਰਸੂਲਪੁਰ ਦੱਸਿਆ। ਜਦੋਂ ਉਨ੍ਹਾਂ ਵੱਲੋਂ ਸੁੱਟੇ ਗਏ ਲਿਫ਼ਾਫ਼ਿਆਂ ਨੂੰ ਬਰਾਮਦ ਕਰਕੇ ਜਾਂਚ ਕੀਤੀ ਗਈ ਤਾਂ ਇੱਕ ਲਿਫ਼ਾਫ਼ੇ ਵਿੱਚੋਂ 85 ਗੋਲੀਆਂ ਅਤੇ ਦੂਜੇ ਲਿਫ਼ਾਫ਼ੇ ਵਿੱਚੋਂ 65 ਗੋਲੀਆਂ ਬਰਾਮਦ ਹੋਈਆਂ।