
ਚੰਡੀਗੜ੍ਹ 10 ਦਸੰਬਰ ( ਭਗਵਾਨ ਭੰਗੂ, ਅਸ਼ਵਨੀ ) – ਪਾਰਟੀ ਵਿਰੋਧੀ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਕਾਨ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਵਲੋਂ ਜਗਮੀਤ ਬਰਾੜ ਨੂੰ ਤਲਬ ਕੀਤਾ ਗਿਆ ਸੀ ਪਰ ਜਗਮੀਤ ਬਰਾੜ ਅੱਜ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਉਨ੍ਹਾਂ ਦੀ ਅਕਾਲੀ ਦਲ ‘ਚੋਂ ਪੱਕੀ ਛੁੱਟੀ ਕਰ ਦਿੱਤੀ ਗਈ ਹੈ। ਬਰਾੜ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਬਾਹਰ ਕੱਢ ਦਿੱਤਾ ਗਿਆ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਮੇਟੀ ਨੇ ਬਰਾੜ ਨੂੰ ਪਾਰਟੀ ਨੇ ਬਹੁਤ ਸਨਮਾਨ ਦਿੱਤਾ। ਹਾਲਾਂਕਿ ਬਰਾੜ ਦੀ ਪਾਰਟੀ ਨੂੰ ਕੋਈ ਦੇਣ ਨਹੀਂ ਸੀ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਕੋਰ ਕਮੇਟੀ ਮੈਂਬਰ ਬਣਾਇਆ ਪਰ ਉਹ ਪਿਛਲੇ ਸੁਭਾਅ ਮੁਤਾਬਿਕ ਟਿਕ ਕੇ ਨਹੀਂ ਰਹਿ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇ ਖਿਲਾਫ਼ ਕਾਰਵਾਈ ਔਖੇ ਮਨ ਨਾਲ ਕਰਨੀ ਪੈਂਦੀ ਹੈ ਕਿਉਂਕਿ ਅਨੁਸ਼ਾਸਨਹੀਣਤਾ ਕਾਰਨ ਪਾਰਟੀ ਚੱਲਦੀ ਨਹੀਂ। ਉਨ੍ਹਾਂ ਕਿਹਾ ਕਿ ਬਰਾੜ ਟਾਇਮ ਲੈ ਕੇ ਵੀ ਨਹੀਂ ਪਹੁੰਚੇ। ਚੰਗਾ ਹੁੰਦਾ ਕਿ ਅੱਜ ਆ ਕੇ ਆਪਣਾ ਪੱਖ ਰੱਖਦੇ ਤਾਂ ਜੋ ਉਨ੍ਹਾਂ ਦੀ ਸੁਣਵਾਈ ਕਰ ਕੇ ਫੈਸਲਾ ਲੈਂਦੇ।