ਖੰਨਾ(ਰਾਜੇਸ ਜੈਨ-ਭਗਵਾਨ ਭੰਗੂ)ਖੰਨਾ ਦੇ ਇੱਕ ਭਾਜਪਾ ਮਹਿਲਾ ਆਗੂ ਨੂੰ ਵਟਸਐਪ ਨੰਬਰ ‘ਤੇ ਧਮਕੀ ਭਰਿਆ ਸੁਨੇਹਾ ਭੇਜ ਕੇ ਤਿੰਨ ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਪੈਸੇ ਨਾ ਭੇਜਣ ‘ਤੇ ਗੋਲੀਆਂ ਨਾਲ ਭੁੰਨਣ ਦੀ ਧਮਕੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਮੁੱਢਲੇ ਤੌਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਧਮਕੀ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਉਪ ਪ੍ਰਧਾਨ ਮਨੀਸ਼ਾ ਸੂਦ ਨੂੰ ਦਿੱਤੀ ਗਈ। ਮਨੀਸ਼ਾ ਦੇ ਮੋਬਾਈਲ ਨੰਬਰ ‘ਤੇ ਕਿਉ ਆਰ ਕੋਡ ਅਤੇ ਧਮਕੀ ਭਰਿਆ ਸੁਨੇਹਾ ਭੇਜ ਕੇ 3 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਮਨੀਸ਼ਾ ਸੂਦ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੇ ਸੂਦ ਦੀ ਪਤਨੀ ਹੈ। ਅਜੇ ਸੂਦ ਨੇ ਪੁਲਿਸ ਨੂੰ ਦੱਸਿਆ ਕਿ 21 ਫਰਵਰੀ ਨੂੰ ਰਾਤ 9.34 ਵਜੇ ਵਟਸਐਪ ‘ਤੇ ਉਸਦੀ ਪਤਨੀ ਮਨੀਸ਼ਾ ਸੂਦ ਦੇ ਫ਼ੋਨ ‘ਤੇ ਕਿਉ ਆਰ ਕੋਡ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਮੈਸੇਜ ਵਿੱਚ ਤਿੰਨ ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਸੀ। ਇਸ ਦੇ ਨਾਲ ਹੀ ਦੂਜੇ ਫ਼ੋਨ ਤੋਂ ਫ਼ੋਨ ਕਰਕੇ ਧਮਕੀਆਂ ਵੀ ਦਿੱਤੀਆਂ ਗਈਆਂ। ਮੈਸੇਜ ‘ਚ ਫਿਰੌਤੀ ਦੀ ਰਕਮ ਨਾ ਦੇਣ ‘ਤੇ ਉਨ੍ਹਾਂ ਨੂੰ ਮਾਰਨ ਦੀ ਗੱਲ ਕਹੀ ਗਈ ਹੈ। ਅਜੇ ਸੂਦ ਨੇ ਇਸ ਮੈਸੇਜ ਦਾ ਸਕਰੀਨ ਸ਼ਾਟ ਵੀ ਪੁਲਿਸ ਨੂੰ ਸੌਂਪਿਆ ਹੈ। ਅਜੇ ਸੂਦ ਨੇ ਇਨ੍ਹਾਂ ਅਣਪਛਾਤੇ ਲੋਕਾਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਮੰਗ ਕੀਤੀ ਹੈ। ਪੁਲਸ ਕੋਲੋਂ ਪਰਿਵਾਰ ਦੀ ਸੁਰੱਖਿਆ ਦੇ ਵੀ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਹੈ। ਐਸਐਚਓ ਸੰਦੀਪ ਕੁਮਾਰ ਨੇ ਮੁਕੱਦਮਾ ਦਰਜ ਕਰਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲੀਸ ਕਥਿਤ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਤਕਨੀਕੀ ਤਰੀਕੇ ਨਾਲ ਜਾਂਚ ਚੱਲ ਰਹੀ ਹੈ।