ਮੋਗਾ, 16 ਦਸੰਬਰ: ( ਕੁਲਵਿੰਦਰ ਸਿੰਘ) -ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਦਾ ਸਿਹਤ ਵਿਭਾਗ ਲੋਕਾਂ ਨੂੰ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਮੋਗਾ ਡਾ. ਤ੍ਰਿਪਤਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦਾ ਸਿਹਤ ਵਿਭਾਗ ਵੀ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਟ ਈਸੇ ਖਾਂ ਵਿਖੇ ਦੋ ਮੈਡੀਕਲ ਸਟੋਰਾਂ ਪ੍ਰੇਮ ਮੈਡੀਕਲ ਹਾਲ ਅਤੇ ਪ੍ਰੇਮ ਮੈਡੀਕਲ ਏਜੰਸੀ ਉੱਪਰ ਗੈਰ ਕਾਨੂੰਨੀ ਤਰੀਕੇ ਨਾਲ ਦਵਾਈਆਂ ਵਿਕਰੀ ਦੀ ਗੱਲ ਉਨ੍ਹਾਂ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਦੀ ਟੀਮ ਨੇ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਮੈਡੀਕਲ ਸਟੋਰਾਂ ਉੱਪਰ ਛਾਪੇਮਾਰੀ ਕੀਤੀ। ਇਸ ਟੀਮ ਵਿੱਚ ਡਰੱਗ ਇੰਸਪੈਕਟਰ ਮੋਗਾ-2 ਅਮਿਤ ਬਾਂਸਲ , ਜੋਨਲ ਲਾਇਸੈਸਿੰਗ ਅਥਾਰਟੀ ਫਿਰੋਜ਼ਪੁਰ ਤੋਂ ਦਿਨੇਸ਼ ਗੁਪਤਾ ਅਤੇ ਡਰੱਗ ਇੰਸਪੈਕਟਰ ਫਿਰੋਜ਼ਪੁਰ ਆਸ਼ੂਤੋਸ਼ ਗਰਗ ਸ਼ਾਮਿਲ ਸਨ।ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰੇਮ ਮੈਡੀਕਲ ਹਾਲ ਜਿਹੜਾ ਕਿ ਸਿਵਲ ਹਸਪਤਾਲ ਦੇ ਸਾਹਮਣੇ ਧਰਮਕੋਟ ਰੋਡ ਉੱਪਰ ਸਥਿਤ ਹੈ ਵਿਖੇ ਚੈਕਿੰਗ ਦੌਰਾਨ ਸਟੋਰ ਤੋਂ 9 ਤਰ੍ਹਾਂ ਦੀਆਂ 22,298 ਰੁਪਏ ਦੀਆਂ ਬਿਨ੍ਹਾਂ ਬਿੱਲ ਤੋਂ ਦਵਾਈਆਂ ਬਰਾਮਦ ਹੋਈਆਂ। ਇਸ ਤੋਂ ਇਲਾਵਾ ਪ੍ਰੇਮ ਮੈਡੀਕਲ ਏਜੰਸੀ ਜਿਹੜੀ ਕਿ ਮਸੀਤਾ ਰੋਡ, ਨੇੜੇ ਬੋਲੀ ਮੰਦਰ ਕੋਟ ਈਸੇ ਖਾਂ ਵਿਖੇ ਸਥਿਤ ਹੈ ਦੀ ਚੈਕਿੰਗ ਦੌਰਾਨ ਇਸ ਮੈਡੀਕਲ ਸਟੋਰ ਤੋਂ 10 ਤਰ੍ਹਾਂ ਦੀਆਂ ਬਿਨ੍ਹਾਂ ਬਿੱਲ ਤੋਂ 1,04,715 ਰੁਪਏ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਟੀਮ ਵੱਲੋਂ ਉਕਤ ਦਾ ਸਖਤ ਐਕਸ਼ਨ ਲੈਂਦਿਆਂ ਮੌਕੇ ਉੱਪਰ ਹੀ ਇਹ ਦਵਾਈਆਂ ਫਾਰਮ ਨੰਬਰ 16 ਰਾਹੀਂ ਸੀਜ਼ ਕੀਤੀਆਂ ਗਈਆਂ। ਦਵਾਈਆਂ ਦੇ ਕਸਟਡੀ ਆਰਡਰ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਤੋਂ ਲੈ ਲਏ ਗਏ ਹਨ ਅਤੇ ਇਸ ਉੱਪਰ ਅਗਲੇਰੀ ਕਾਰਵਾਈ ਲਈ ਉੱਚ-ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ।ਤ੍ਰਿਪਤਪਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਪ੍ਰੇਮ ਮੈਡੀਕਲ ਏਜੰਸੀ ਤੋਂ 8 ਬਿਨ੍ਹਾਂ ਲੈਬਲ ਕੀਤੀਆਂ ਸ਼ੀਸ਼ੀਆਂ, ਜਿੰਨ੍ਹਾਂ ਵਿੱਚ ਕੋਈ ਅਣਪਛਾਤਾ ਤਰਲ ਪਦਾਰਥ ਸੀ ਵੀ ਕਬਜ਼ੇ ਵਿੱਚ ਲੈ ਲਈਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਇਨ੍ਹਾਂ ਸ਼ੀਸ਼ੀਆਂ ਵਿੱਚ ਓਕਸੀਟੋਸਿਨ ਨਾਮ ਦੀ ਡਰੱਗ ਹੋਣ ਦਾ ਅੰਦੇਸ਼ਾ ਹੈ, ਇਸ ਲਈ ਇਨ੍ਹਾਂ ਸ਼ੀਸ਼ੀਆਂ ਵਿਚਲੇ ਸੈਂਪਲ ਨੂੰ ਸਰਕਾਰੀ ਇੰਨਾਲਿਸਟ ਲੈਬ ਖਰੜ੍ਹ ਵਿਖੇ ਚੈਕਿੰਗ ਲਈ ਭੇਜ਼ ਦਿੱਤਾ ਹੈ।ਸਿਵਲ ਸਰਜਨ ਨੇ ਸਮੂਹ ਮੈਡੀਕਲ ਸਟੋਰਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਜੇਕਰ ਕਿਸੇ ਵੀ ਸਟੋਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਦਵਾਈ ਜਾਂ ਹੋਰ ਕੁਝ ਵੀ ਗੈਰ ਕਾਨੂੰਨੀ ਹੁੰਦਾ ਪਾਇਆ ਗਿਆ ਤਾਂ ਸਿਹਤ ਵਿਭਾਗ ਉਸ ਸਟੋਰ ਉੱਪਰ ਸਖਤ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।
