ਮੈਂ ਤੁਹਾਡੇ ਖਾਤੇ ਵਿੱਚ 15 ਲੱਖ ਪਾ ਦਿੱਤੇ ਹਨ, ਤੁਸੀਂ ਮੇਰੇ ਦੋਸਤ ਨੂੰ ਥੋੜੇ-ਥੋੜੇ ਕਰਕੇ ਦੇ ਦੇਣੇ
ਸੁਧਾਰ, 18 ਦਸੰਬਰ ( ਵਿਕਾਸ ਮਠਾੜੂ, ਬੌਬੀ ਸਹਿਜਲ )-ਥਾਣਾ ਸੁਧਾਰ ਅਧੀਨ ਆਉਂਦੇ ਪਿੰਡ ਰਾਜੋਆਣਾ ਖੁਰਦ ਦੇ ਇੱਕ ਕਿਸਾਨ ਨਾਲ ਵਿਦੇਸ਼ਾਂ ਤੋਂ ਆਉਣ ਵਾਲੀਆਂ ਫੋਨ ਕਾਲਾਂ ’ਤੇ ਠੱਗੀ ਮਾਰਨ ਵਾਲੇ ਨੌਸਰਬਾਜ਼ਾਂ ਨੇ 1 ਲੱਖ 90 ਹਜਾਰ ਰੁਪਏ ਦੀ ਠੱਗੀ ਮਾਰ ਕੇ ਲਈ ਹੈ। ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਵਾਸੀ ਪਿੰਡ ਰਾਜੋਆਣਾ ਖੁਰਦ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ। ਜਿਸ ’ਤੇ ਸਾਹਮਣੇ ਵਾਲੇ ਵਿਅਕਤੀ ਨੇ ਕਿਹਾ ਕਿ ਉਸਦਾ ਰਿਸ਼ਤੇਦਾਰ ਬੋਲ ਰਿਹਾ ਹੈ। ਮੈਂ ਤੁਹਾਡੇ ਖਾਤੇ ਵਿੱਚ 15 ਲੱਖ 80 ਹਜ਼ਾਰ ਰੁਪਏ ਪਾ ਦਿੱਤੇ ਹਨ। ਉਸ ਪੈਸਿਆਂ ਵਿੱਚੋਂ ਥੋੜੇ-ਥੋੜੇ ਪੈਸੇ ਮੇਰੇ ਬੰਦੇ ਨੂੰ ਦੇ ਦਿਓ, ਉਸਦੀ ਮਾਂ ਬਿਮਾਰ ਹੈ। ਉਹ ਤੁਹਾਨੂੰ ਫੋਨ ਕਰੇਗਾ ਅਤੇ ਅਪਣਾ ਅਕਾਉਂਟ ਨੰਬਰ ਦੇਵੇਗਾ ਅੱਜ ਉਸਨੂੰ ਪੰਜ ਲੱਖ ਰੁਪਏ ਪਾ ਦੇਣੇ। ਇਹ ਕਹਿ ਕੇ ਉਸ ਨੇ ਆਪਣਾ ਫੋਨ ਬੰਦ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਸ ਨੂੰ ਵਟਸਐਪ ਨੰਬਰ ਤੋਂ ਕਾਲ ਆਈ। ਜਿਸ ਵਿੱਚ ਇੱਕ ਵਿਅਕਤੀ ਬੋਲ ਰਿਹਾ ਸੀ ਜਿਸ ਨੇ ਆਪਣਾ ਨਾਮ ਓਮ ਸ਼ਿਵ ਪੁੱਤਰ ਰਾਮਕਰਨ ਵਾਸੀ ਕਾਰਗੜਾ, ਗੁਰਦਾਹ ਥਾਣਾ ਚੋਪਨ ਜ਼ਿਲ੍ਹਾ ਸੋਨਭੱਦਰ ਉੱਤਰ ਪ੍ਰਦੇਸ਼ ਦੱਸਿਆ। ਉਸ ਨੇ ਉਸ ਨੂੰ ਇਸ ਨਾਂ ਵਾਲਾ ਆਪਣਾ ਪਛਾਣ ਪੱਤਰ ਅਤੇ ਬੈਂਕ ਖਾਤਾ ਨੰਬਰ ਸਮੇਤ ਆਈ ਐਫ ਸੀ ਕੋਡ ਭੇਜਿਆ ਅਤੇ ਵਿਦੇਸ਼ ਤੋਂ ਆਈ ਆਈ ਫੋਨ ਕਾਲ ਦਾ ਹਵਾਲਾ ਦੇ ਕੇ ਖਾਤੇ ਵਿੱਚ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਕਿਸਾਨ ਉਸ ਦੀਆਂ ਗੱਲਾਂ ਵਿੱਚ ਇੰਨਾ ਉਲਝ ਗਿਆ ਕਿ ਉਸ ਨੇ ਬਿਨ੍ਹਾਂ ਕੋਈ ਪੜਤਾਲ ਕੀਤੇ 15 ਲੱਖ ਰੁਪਏ ਉਸਦੇ ਅਕਾਉਂਟ ਵਿਚ ਆਉਣ ਦੀ ਗੱਲ ਨੂੰ ਸਹੀ ਮੰਨ ਕੇ ਠੱਗਾਂ ਵਲੋਂ ਦੱਸੇ ਖਾਤੇ ਵਿੱਚ 1.90 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਜਦੋਂ ਉਸ ਦਾ ਮੈਸੇਜ ਉਸ ਕੋਲ ਆਇਆ ਤਾਂ ਉਸ ਦੇ ਖਾਤੇ ਵਿਚ ਵਿਦੇਸ਼ ਤੋਂ ਕੋਈ ਪੈਸਾ ਨਹੀਂ ਸੀ ਪਹੁੰਚਿਆ ਹੋਇਆ। ਜਗਮੋਹਨ ਸਿੰਘ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਸਬੰਧੀ ਥਾਣਾ ਸੁਧਾਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ’ਤੇ ਓਮ ਸ਼ਿਵਾ ਵਾਸੀ ਉੱਤਰ ਪ੍ਰਦੇਸ਼ ਦੇ ਖਿਲਾਫ ਧੋਖਾਧੜੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ।