ਨਾਨਕਸਰ ਪ੍ਰਸਾਦਾ ਲੈ ਕੇ ਜਾ ਰਹੇ ਪਤੀ ਪਤਨੀ ਤੋਂ 22 ਤੋਲੇ ਸੋਨਾ ਲੈ ਕੇ ਫਰਾਰ
ਜਗਰਾਉਂ, 18 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਗੁਰਦੁਆਰਾ ਨਾਨਕਸਰ ਸਾਹਿਬ ਨੂੰ ਪ੍ਰਸਾਦਾ ਲੈ ਕੇ ਜਾਂਦੇ ਸਮੇਂ ਸਥਾਨਕ ਮੁਹੱਲਾ ਕੱਚਾ ਕਿਲਾ ’ਚ ਰਹਿਣ ਵਾਲੇ ਇੱਕ ਜੋੜੇ ਨੂੰ ਸੰਤ ਦੀ ਆੜ ’ਚ ਨੌਸਰਬਾਜ਼ ਨੇ ਸਾਥੀਆਂ ਸਮੇਤ ਲੁੱਟ ਲਿਆ ਅਤੇ ਉਨ੍ਹਾਂ ਕੋਲੋਂ 22 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ।
ਇਸ ਤਰ੍ਹਾਂ ਲੁੱਟਿਆ ਪਤੀ-ਪਤਨੀ-ਇਸ ਅਨੋਖੀ ਠੱਗੀ ਦਾ ਸ਼ਿਕਾਰ ਹੋਏ ਗੁਰਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੱਚਾ ਕਿਲਾ ਜਗਰਾਉਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਵਰਨਜੀਤ ਕੌਰ ਨਾਲ ਸਕੂਟਰੀ ’ਤੇ ਸਵੇਰੇ 12 ਵਜੇ ਦੇ ਕਰੀਬ ਗੁਰਦੁਆਰਾ ਨਾਨਕਸਰ ਸਾਹਿਬ ਨੂੰ ਪ੍ਰਸਾਦਾ ਲੈ ਕੇ ਜਾ ਰਹੇ ਸਨ। ਜਦੋਂ ਉਹ ਅਗਵਾੜ ਲੋਪੋ ਤੋਂ ਨਾਨਕਸਰ ਦੇ ਰਸਤੇ ਵਿੱਚ ਪਹੁੰਚੇ ਤਾਂ ਉਨ੍ਹਾਂ ਕੋਲ ਇੱਕ ਸੰਤ ਦੇ ਭੇਸ ਵਿਚ ਵਿਅਕਤੀ ਆਇਆ ਜਿਸ ਦੇ ਹੱਥ ਵਿੱਚ ਮਾਲਾ ਫੜੀ ਹੋਈ ਸੀ। ਉਹ ਉਨ੍ਹਾਂ ਤੋਂ ਕੁਝ ਪੁੱਛਣ ਲੱਗਾ ਤਾਂ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੇ। ਇਹ ਸੁਣ ਕੇ ਉਹ ਵਿਅਕਤੀ ਅੱਗੇ ਵਧ ਗਿਆ। ਉਦੋਂ ਹੀ ਇੱਕ ਔਰਤ ਅਤੇ ਇੱਕ ਆਦਮੀ ਸਾਡੇ ਪਿੱਛੇ ਤੋਂ ਮੋਟਰਸਾਈਕਲ ’ਤੇ ਆਏ। ਉਹ ਸਾਨੂੰ ਪੁੱਛਣ ਲੱਗੇ ਕਿ ਇਹ ਤੁਹਾਨੂੰ ਕੀ ਪੁੱਛ ਰਹੇ ਸਨ ਤਾਂ ਅਸੀਂ ਕਿਹਾ ਕਿ ਸਾਨੂੰ ਨਹੀਂ ਪਤਾ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਬਹੁਤ ਪਹੁੰਚੇ ਹੋਏ ਸੰਤ ਹਨ। ਇਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਿਆ ਹੈ। ਦੋਵੇਂ ਜਣੇ ਉਸ ਬੰਦੇ ਦੀ ਮਹਿਮਾ ਸਾਡੇ ਪਾਸ ਕਰਨ ਲੱਗ ਪਏ। ਇਸੇ ਦੌਰਾਨ ਹੀ ਉਹ ਵਿਅਕਤੀ ਵੀ ਵਾਪਸ ਉਥੇ ਆ ਗਿਆ ਅਤੇ ਹੋਰ ਉਸ ਔਰਤ ਤੇ ਵਿਅਕਤੀ ਨੂੰ ਬੁਰਾ ਭਲਾ ਕਹਿਣ ਲੱਗਾ ਅਤੇ ਉਸ਼ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਥੋਂ ਜੌੜ ਜਾਓ, ਹੁਣ ਤੁਹਾਨੂੰ ਕੁਝ ਨਹੀਂ ਮਿਲੇਗਾ, ਪਹਿਲਾਂ ਹੀ ਤੁਹਾਨੂੰ ਅਸੀਂ ਬਹੁਤ ਕੁਝ ਦੇ ਚੁੱਕੇ ਹਾਂ। ਦੌੜ ਜਾਓ ਅਥੋਂ। ਇਹ ਸੁਣ ਕੇ ਵੀ ਉਹ ਦੋਵੇਂ ਉਸਦੇ ਅੱਗੇ ਹੱਥ ਜੋੜ ਕੇ ਖੜੇ ਰਹੇ। ਉਸ ਅਖੌਤੀ ਸੰਤ ਨੇ ਸਾਨੂੰ ਕਿਹਾ ਕਿ ਤੁਸੀਂ ਸਾਨੂੰ ਦੋ ਪ੍ਰਸ਼ਾਦੇ ਖੁਆ ਸਕਦੇ ਹੋ, ਤਾਂ ਅਸੀਂ ਉਸ ਨੂੰ ਕਿਹਾ ਕਿ ਹਾਂ ਛਕ ਲਓ ਸਾਡੇ ਪਾਸ ਹੀ ਪ੍ਰਸਾਦੇ ਹਨ। ਉਸ ਨੇ ਕਿਹਾ ਕਿ ਨਹੀਂ, ਤੁਹਾਡੇ ਘਰ ਵਿੱਚ ਜੋ ਦੋ ਪ੍ਰਸ਼ਾਦੇ ਪਏ ਹੋਏ ਹਨ ਉਹ ਛਕਣੇ ਹਨ। ਇਹ ਸੁਣ ਕੇ ਮੇਰੀ ਪਤਨੀ ਪ੍ਰਭਾਵਿਤ ਹੋਈ ਅਤੇ ਕਹਿਣ ਲੱਗੀ ਕਿ ਘਰ ਵਿੱਚ ਸੱਚਮੁੱਚ ਦੋ ਪ੍ਰਸ਼ਾਦੇ ਪਏ ਹਨ। ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਘਰ ਵਿੱਚ ਪਏ ਪਰਸਾਦੇ ਛਕਾ ਦਿੰਦੇ ਹਾਂ। ਬਾਬੇ ਨੇ ਮੇਰੀ ਪਤਨੀ ਨੂੰ ਦੂਜੇ ਦੋਵਾਂ ਦੇ ਮੋਟਰਸਾਈਕਲ ’ਤੇ ਬਿਠਾ ਦਿੱਤਾ ਅਤੇ ਉਹ ਆਪ ਵੀ ਮੇਰੇ ਪਿੱਛੇ ਬੈਠ ਗਿਆ। ਰਸਤੇ ਵਿਚ ਕਹਿਣ ਲੱਗਾ ਕਿ ਸੰਤ ਕਿਤੇ ਸੁੰਨਸਾਨ ਥਾਂ ਬੈਠ ਕੇ ਪ੍ਰਸ਼ਾਦਾ ਛਕਣਗੇ। ਉਹ ਉਨ੍ਹਾਂ ਨੂੰ ਡਿਸਪੋਜ਼ਲ ਰੋਡ ’ਤੇ ਲੈ ਗਿਆ ਅਤੇ ਉੱਥੇ ਬੈਠ ਗਿਆ। ਬਾਬੇ ਨੇ ਉਸਨੂੰ ਕਿਹਾ ਕਿ ਤੂੰ ਮੇਰੇ ਕੋਲ ਬੈਠ ਜਾਓ ਅਤੇ ਮੇਰੀ ਪਤਨੀ ਨੂੰ ਉਸ ਦੂਜੇ ਵਿਅਕਤੀ ਦੇ ਮੋਟਰਸਾਇਕਿਲ ਤੇ ਬਿਠਾ ਕੇ ਘਰੋਂ ਪ੍ਰਸਾਦਾ ਲਿਆਉਣ ਲਈ ਭੇਜ ਦਿਤਾ। ਰਸਤੇ ਵਿੱਚ ਉਸ ਵਿਅਕਤੀ ਨੇ ਪਤਾ ਨਹੀਂ ਮੇਰੀ ਪਤਨੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਅਤੇ ਸੋਨਾ ਦੁੱਗਣਾ ਕਰਨ ਦਾ ਝਾਂਸਾ ਦਿਤਾ। ਘਰ ਜਾ ਕੇ ਉਸ ਕੋਲੋਂ ਘਰ ਵਿੱਚ ਪਿਆ ਕਰੀਬ 22 ਤੋਲੇ ਸੋਨਾ ਲੈ ਲਿਆ ਅਤੇ ਸੋਨਾ ਅਤੇ ਰੋਟੀ ਲੈ ਕੇ ਮੇਰੀ ਪਤਨੀ ਨਾਲ ਉਥੇ ਆ ਗਏ। ਜਦੋਂ ਉਹ ਦੋਵੇਂ ਉਥੇ ਪਹੁੰਚੇ ਤਾਂ ਬਾਬੇ ਨੇ ਮੈਨੂੰ ਥੋੜਾ ਪਾਸੇ ਹੋਣ ਲਈ ਕਿਹਾ। ਜਦੋਂ ਮੈਂ ਇਕ ਪਾਸੇ ਹੋ ਗਿਆ ਤਾਂ ਮੇਰੀ ਪਤਨੀ ਤੋਂ ਰੋਟੀ ਅਤੇ ਸੋਨਾ ਲੈ ਕੇ ਮੋਟਰਸਾਈਕਲ ’ਤੇ ਬੈਠ ਕੇ ਤਿੰਨੋਂ ਉਥੋਂ ਤੇਜੀ ਨਾਲ ਫਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਮੇਰੀ ਪਤਨੀ ਨੇ ਦੱਸਿਆ ਕਿ ਉਹ ਸਾਡਾ ਸੋਨਾ ਵੀ ਲੈ ਗਏ ਹਨ। ਅਸੀਂ ਸਕੂਟਰੀ ’ਤੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਫਰਾਰ ਹੋਣ ਵਿਚ ਸਫਲ ਹੋ ਗਏ। ਇਸ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਕੀ ਕਹਿਣਾ ਸੀ ਪੁਲਿਸ ਦਾ-ਇਸ ਸਬੰਧੀ ਮੌਕੇ ’ਤੇ ਪਹੁੰਚੇ ਏ.ਐਸ.ਆਈ ਕਰਮਜੀਤ ਸਿੰਘ ਅਤੇ ਏ.ਐਸ.ਆਈ ਨਸੀਬ ਚੰਦ ਨੇ ਦੱਸਿਆ ਕਿ ਇਸ ਸ਼ਿਕਾਇਤ ਸਬੰਧੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਈ ਸੁਰਾਗ ਮਿਲਦੇ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।
