ਜਗਰਾਉਂ, 28 ਦਸੰਬਰ ( ਰਾਜੇਸ਼ ਜੈਨ)-ਸਕੂਲ ਡਾਇਰੈਕਟਰ ਵਿਸ਼ਾਲ ਜੈਨ ਦੀ ਯੋਗ ਅਗੁਵਾਈ ਵਿੱਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸਿਰਜਨ ਅਤੇ ਸਹੀ ਸਟ੍ਰੀਮ ਦੀ ਚੋਣ ਕਰਨ ਲਈ ਵੱਖ- ਵੱਖ ਖੇਤਰਾਂ ਨੂੰ ਸਮਝਣ ਤੇ ਜਾਣਕਾਰੀ ਹਾਸਿਲ ਕਰਨ ਲਈ ਸਕੂਲ ਵੱਲੋਂ ਕੈਰੀਅਰ ਮਾਰਗਦਰਸ਼ਨ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ- ਵੱਖ ਯੂਨੀਵਰਸਿਟੀਆਂ ਤੇ ਖੇਤਰਾਂ ਤੋਂ ਵਿਸ਼ਾ ਮਾਹਿਰਾਂ ਨੇ ਅਲਗ- ਅਲਗ ਵਿਸ਼ਿਆਂ ਨਾਲ ਸੰਬੰਧਿਤ ਕੋਰਸਾਂ ਅਤੇ ਪੇਸ਼ਿਆਂ ਬਾਰੇ ਜਾਣਕਾਰੀ ਬੜੀ ਤਫ਼ਸੀਲ ਨਾਲ ਦਿੱਤੀ। ਇਸ ਸੈਮੀਨਾਰ ਵਿੱਚ ਸੀ.ਟੀ. ਯੂਨੀਵਰਸਿਟੀ ਲੁਧਿਆਣਾ, ਪਾਰੁਲ ਯੂਨੀਵਰਸਿਟੀ ਗੁਜਰਾਤ, ਜੀ. ਐਨ .ਏ. ਯੂਨੀਵਰਸਿਟੀ ਫਗਵਾੜਾ, ਚੰਡੀਗੜ੍ਹ ਗਰੁੱਪ ਆਫ਼ ਕਾਲੇਜ ਲਾਂਡਰਾਂ, ਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਚੰਡੀਗੜ੍ਹ, ਸਨਮਤੀ ਗਵਰਨਮੈਂਟ ਕਾਲੇਜ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਕਾਲਜ ਜਗਰਾਉਂ, ਗੁਲਜ਼ਾਰ ਗਰੁੱਪ ਆਫ਼ ਇਨਸਟੀਚਿਊਟ ਖੰਨਾ, ਪੀ. ਸੀ. ਟੀ. ਈ. ਲੁਧਿਆਣਾ ਅਤੇ ਅਮਿਟੀ ਯੂਨੀਵਰਸਿਟੀ ਮੋਹਾਲੀ ਪੰਜਾਬ ਨੇ ਸ਼ਿਰਕਤ ਕੀਤੀ। ਸਾਰੇ ਹੀ ਵਿਸ਼ਾ ਮਾਹਰਾਂ ਨੇ ਆਪਣੇ – ਆਪਣੇ ਵਿਸ਼ਿਆਂ ਜਿਵੇਂ ਕਿ ਕਾਮਰਸ, ਸਾਇੰਸ, ਟੈਕਨਾਲੋਜੀ, ਕੰਪਿਊਟਰ, ਜਰਨਲਿਜਮ ਅਤੇ ਕਈ ਹੋਰ ਵਿਸ਼ਿਆਂ ਨਾਲ ਸੰਬੰਧਿਤ ਮੋਟੀਵੇਸ਼ਨਲ ਲੈਕਚਰਜ਼, ਭਵਿੱਖ ਦੀਆਂ ਪਲੇਸਮੈਂਟ ਸੰਭਾਵਨਾਵਾਂ, ਸਵੈਰੁਜ਼ਗਾਰ ਹੈਲਪਲਾਈਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਆਦਿ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਸ਼ਾਲ ਜੈਨ ਜੀ ਨੇ ਕਿਹਾ ਕਿ ਸਕੂਲ ਬੱਚਿਆਂ ਦੇ ਭਵਿੱਖ ਪ੍ਰਤੀ ਸੰਜੀਦਾ ਹੈ ਇਸ ਕਰਕੇ ਹੀ ਇਹੋ ਜਿਹੀਆਂ ਵਿਅਵਸਥਾਵਾਂ ਕੀਤੀਆਂ ਜਾਂਦੀਆਂ ਹਨ ਤਾਂਕਿ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਉਨ੍ਹਾਂ ਦੀ ਰੁਚੀ, ਯੋਗਤਾ, ਗਿਆਨ, ਹੁਨਰ ਦੀ ਪਰਖ ਤੇ ਸਵੈਪੜਚੋਲ ਕਰਕੇ ਹੀ ਪੇਸ਼ੇਵਰ ਖੇਤਰਾਂ ਵਿੱਚ ਕਰੀਅਰ ਵਿਕਲਪਾਂ ਦੀ ਭਰਮਾਰ ਤੋਂ ਜਾਣੂ ਹੋ ਸਕਣ ਤਾਂ ਜੋ ਉਹ ਭਰਮ ਭੁਲੇਖਿਆਂ ਤੋਂ ਦੂਰ ਰਹਿ ਕੇ ਸਹੀ ਚੋਣ ਕਰਨ ਵਿੱਚ ਸਮਰੱਥ ਹੋਣI ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ ਵਰਮਾ, ਮੈਨੇਜਰ ਮਨਜੀਤ ਇੰਦਰ ਅਤੇ ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਤੇ ਸ਼੍ਰੇਣੀ ਅਧਿਆਪਕ ਮੌਜੂਦ ਸਨ।
