ਜੀਰਾ, 16 ਸਤੰਬਰ (ਵਿਕਾਸ ਮਠਾੜੂ – ਅਸ਼ਵਨੀ) : ਇਕ ਪਾਰਟੀ ‘ਚੋਂ ਵਾਪਸੀ ਵੇਲੇ ਜ਼ੀਰਾ-ਕੋਟ ਈਸੇ ਖਾਂ ਰੋਡ ‘ਤੇ ਸਥਿਤ ਪੈਟਰੋਲ ਪੰਪ ਨੇੜੇ ਬੀਤੀ ਰਾਤ ਇਕ ਮੋਟਰਸਾਈਕਲ ਤੇ ਕਾਰ ਦੀ ਭਿਆਨਕ ਟੱਕਰ ‘ਚ ਦੋ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਤੇ ਇੱਕ ਦੇ ਫੱਟੜ ਹੋ ਜਾਣ ਦਾ ਸਮਾਚਾਰ ਹੈ।ਏਐਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਸਿੰਘ (18) ਪੁੱਤਰ ਭਜਨ ਸਿੰਘ ,ਲਵਪ੍ਰੀਤ ਸਿੰਘ (20) ਪੁੱਤਰ ਲਖਬੀਰ ਸਿੰਘ, ਗੁਰਜੰਟ ਸਿੰਘ (22 ) ਪੁੱਤਰ ਲਖਬੀਰ ਸਿੰਘ ਅਤੇ ਲਖਵਿੰਦਰ ਸਿੰਘ (30) ਪੁੱਤਰ ਸੁੱਖਾ ਸਿੰਘ ਵਾਸੀਅਨ ਪਿੰਡ ਲਹੁਕੇ ਖੁਰਦ ਜੋ ਆਪਣੇ ਮੋਟਰਸਾਇਕਲ ਸੀ.ਡੀ ਡੀਲਕਸ ਤੇ ਸਵਾਰ ਹੋ ਕੇ ਤਲਵੰਡੀ ਮੰਗੇ ਖਾਂ ਤੋਂ ਆਪਣੇ ਪਿੰਡ ਲਹੁਕੇ ਖੁਰਦ ਨੂੰ ਵਾਪਸ ਜਾ ਰਹੇ ਸਨ ਕਿ ਜੀਰਾ ਕੋਟ ਈਸੇ ਰੋਡ ਤੇ ਸਥਿਤ ਪਟਰੌਲ ਪੰਪ ਦੇ ਨੇੜੇ ਜੀਰਾ ਵਲੋਂ ਸਾਹਮਣੇ ਤੋਂ ਆ ਰਹੀ ਇੱਕ ਆਈ ਟਵੰਟੀ ਕਾਰ ਨਾਲ ਮੋਟਰਸਾਇਕਲ ਦੀ ਭਿਆਨਕ ਟੱਕਰ ਹੋ ਗਈ , ਜਿਸ ਵਿੱਚ ਲਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਉਸਦੇ ਨਾਲ ਦੇ ਤਿੰਨ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਜੀਰਾ ਵਿਖੇ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਹਾਲਤ ਨਾਜੁਕ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ , ਜਿੱਥੇ ਲਵਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਦੋਨੋਂ ਸਕੇ ਭਰਾ ਸਨ ਦੀ ਵੀ ਮੌਤ ਹੋ ਗਈ। ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਸ ਘਟਨਾ ਨੂੰ ਲੈ ਕੇ ਸਮੁੱਚੇ ਜ਼ੀਰਾ ਇਲਾਕੇ ਵਿਚ ਸੋਗ ਦੀ ਲਹਿਰ ਹੈ।