ਵਿਰੋਧੀ ਧਿਰ ਬਹੁਮਤ ਅਮੁਸਾਰ ਕੌਂਸਲਰ ਆਪਣੇ ਨਾਲ ਲਿਆਉਣ ਵਿਚ ਰਹੀ ਅਸਫਲ
ਜਗਰਾਓਂ, 30 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਨਗਰ ਕੌਂਸਲ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਚੱਲੀ ਆ ਰਹੀ ਕਸ਼ਮਕਸ਼ ਅੱਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ। ਵਿਰੋਧੀ ਕੌਂਸਲਰ ਪੂਰੇ ਬਹੁਮਤ ਵਾਲੇ ਮੈਂਬਰਾਂ ਨੂੰ ਸਦਨ ਦੀ ਮੀਟਿੰਗ ਵਿੱਚ ਆਪਣੇ ਨਾਲ ਨਹੀਂ ਲਿਆ ਸਕੇ। ਜਿਸ ਕਾਰਨ ਉਨ੍ਹਾਂ ਦਾ ਬੇਭਰੋਸਗੀ ਮਤਾ ਰੱਦ ਹੋ ਗਿਆ। ਨਗਰ ਕੌਾਸਲ ਦੀ ਮੀਟਿੰਗ ਨੂੰ ਲੈ ਕੇ ਵੀਰਵਾਰ ਸ਼ਾਮ ਤੋਂ ਹੀ ਨਗਰ ਕੌਾਸਲ ਦਾ ਇਲਾਕਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਇਸ ਵਿਚ ਬੈਰੀਕੇਡ ਲਗਾ ਕੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।
16 ਵਿੱਚੋਂ 13 ਕੌਂਸਲਰ ਹੀ ਪਹੁੰਚੇ ਨਾਲ-ਬੇਭਰੋਸਗੀ ਮਤੇ ਸਬੰਧੀ ਰੱਖੀ ਗਈ ਮੀਟਿੰਗ ਵਿਚ ਵਿਰੋਧੀ ਧਿਰ ਦੇ ਦਾਅਵੇ ਅਨੁਸਾਰ ਵਿਧਇਕ ਸਮੇਤ 16 ਕੌਂਸਲਰਾਂ ਵਲੋਂ ( ਬਾਗੀ ਕਾਂਗਰਸੀ ਅਤੇ ਅਕਾਲੀ ) ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਵਿਰੁੱਧ ਬੇਭਰੋਸਗੀ ਮਤੇ ਲਈ ਈਓ ਮਨੋਹਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਸੀ ਅਤੇ ਮੌਜੂਦਾ ਪ੍ਰਧਾਨ ਰਾਣਾ ਨੂੰ ਆਪਣਾ ਬਹੁਮਤ ਸਾਬਤ ਕਰਨ ਲਈ ਮੀਟਿੰਗ ਕਾਲ ਕਰਨ ਲਈ ਕਿਹਾ ਗਿਆ ਸੀ। ਉਸ ਸਮੇਂ ਉਨ੍ਹਾਂ ਦਾਅਵਾ ਕੀਤਾ ਕਿ ਬੇਭਰੋਸਗੀ ਮਤੇ ਸਬੰਧੀ ਦਿੱਤੇ ਗਏ ਪੱਤਰ ’ਤੇ 15 ਕੌਂਸਲਰਾਂ ਦੇ ਦਸਤਖ਼ਤ ਹਨ ਅਤੇ ਇਕ ਵੋਟ ਸਥਾਨਕ ਵਿਧਾਇਕ ਦੀ ਮੰਨੀ ਜਾਵੇਗੀ। ਜਿਸ ਲਈ ਪ੍ਰਧਾਨ ਰਾਣਾ ਨੂੰ ਅਹੁਦੇ ਤੋਂ ਹਟਾਉਣ ਲਈ ਉਨ੍ਹਾਂ ਕੋਲ ਸਪੱਸ਼ਟ ਬਹੁਮਤ ਹੈ। ਪਰ ਅੱਜ ਜਦੋਂ ਬੇਭਰੋਸਗੀ ਮਤੇ ਨੂੰ ਲੈ ਕੇ ਸਦਨ ਵਿੱਚ ਮੀਟਿੰਗ ਹੋਈ ਤਾਂ ਵਿਧਾਇਕ ਸਮੇਤ 13 ਕੌਂਸਲਰ ਵਿਰੋਧੀ ਧਿਰ ਦੇ ਨਗਰ ਕੌਂਸਲ ਦਫ਼ਤਰ ਵਿੱਚ ਮੌਜੂਦ ਦੱਸੇ ਗਏ। ਪਰ ਸਦਨ ਦੀ ਮੀਟਿੰਗ ਵਿੱਚ ਸਿਰਫ਼ ਸੱਤ ਕੌਂਸਲਰ ਤੇ ਵਿਧਾਇਕ ਹੀ ਹਾਜ਼ਰ ਸਨ। ਵਿਰੋਧੀ ਧਿਰ ਵੱਲੋਂ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਕੌਂਸਲਰਾਂ ਪਾਸ ਸਪੱਸ਼ਟ ਬਹੁਮਤ ਨਾ ਹੋਣ ਕਾਰਨ ਬੇਭਰੋਸਗੀ ਮਤਾ ਰੱਦ ਕਰ ਦਿੱਤਾ ਗਿਆ।
ਮੀਟਿੰਗ ਰੱਦ ਕਰਵਾਉਣ ਦੀ ਸੀ ਯੋਜਨਾ-ਸ਼ੁਕੱਰਵਾਰ ਨੂੰ ਸਵੇਰੇ 11.30 ਵਜੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਉਨ੍ਹਾਂ ਦੇ ਭਰਾ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਮੀਟਿੰਗ ਦੇ ਠੀਕ ਸਮੇਂ ’ਤੇ ਮੀਟਿੰਗ ਹਾਲ ਵਿੱਚ ਪੁੱਜੇ। ਇਸ ਦੇ ਨਾਲ ਹੀ ਸਥਾਨਕ ਡੀਐਸਪੀ ਵੀ ਮੀਟਿੰਗ ਹਾਲ ਵਿੱਚ ਚਲੇ ਗਏ। ਉੱਥੇ ਹੀ ਦੋਹਾਂ ’ਚ ਕਿਸੇ ਗੱਲ ਨੂੰ ਲੈ ਕੇ ਕਾਫੀ ਬਹਿਸਬਾਜੀ ਹੋਈ। ਜਦੋਂ ਮੀਡੀਆ ਕਰਮੀ ਮੀਟਿੰਗ ਹਾਲ ਵਿੱਚ ਪੁੱਜਣ ਲੱਗੇ ਤਾਂ ਪੁਲੀਸ ਅਧਿਕਾਰੀ ਮੀਟਿੰਗ ਹਾਲ ਵਿੱਚੋਂ ਬਾਹਰ ਆ ਗਏ।
ਕੌਂਸਲਰ ਗੁਪਤਾ ਦੀ ਵਿਗੜੀ ਸਿਹਤ-ਜਦੋਂ ਹਾਊਸ ਦੀ ਮੀਟਿੰਗ ਅਜੇ ਸ਼ੁਰੂ ਹੀ ਹੋਈ ਸੀ ਤਾਂ ਅੰਦਰ ਜਾਣ ਤੋਂ ਪਹਿਲਾਂ ਆਪਣੇ ਸਾਥੀ ਕੌਂਸਲਰਾਂ ਨਾਲ ਪੁੱਜੇ ਕੌਂਸਲਰ ਅਨਮੋਲ ਗੁਪਤਾ ਕਹਿ ਰਹੇ ਸਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜਿਵੇਂ ਹੀ ਸਾਰੇ ਕੌਂਸਲਰ ਮੀਟਿੰਗ ਹਾਲ ਦੇ ਅੰਦਰ ਪਹੁੰਚੇ ਤਾਂ 5 ਮਿੰਟਾਂ ਦੇ ਅੰਦਰ ਹੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਮੀਟਿੰਗ ਹਾਲ ਤੋਂ ਬਾਹਰ ਆ ਗਏ ਅਤੇ ਕਿਹਾ ਕਿ ਕੌਂਸਲਰ ਅਨਮੋਲ ਗੁਪਤਾ ਦੀ ਸਿਹਤ ਵਿਗੜ ਗਈ ਹੈ। ਉਹ ਹੇਠਾਂ ਡਿੱਗ ਪਿਆ ਹੈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਵੇ। ਉਸ ਸਮੇਂ 7 ਕੌਂਸਲਰਾਂ ’ਚੋਂ 3 ਕੌਂਸਲਰ ਅਨਮੋਲ ਗੁਪਤਾ ਦੇ ਨਾਲ ਉਥੋਂ ਚਲੇ ਗਏ ਅਤੇ ਬਾਕੀ ਵੀ ਉਸੇ ਸਮੇਂ ਇਕ-ਇਕ ਕਰਕੇ ਉੱਥੋਂ ਚਲੇ ਗਏ ਅਤੇ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕ ਵੀ ਉਸੇ ਸਮੇਂ ਰਵਾਨਾ ਹੋ ਗਏ।
ਕਾਂਗਰਸੀ-ਅਕਾਲੀ ਆਗੂ ਪਹੁੰਚੇ ਇਕੱਠੇ-ਕਿਹਾ ਜਾਂਦਾ ਹੈ ਕਿ ਸਿਆਸਤ ਵਿੱਚ ਕੋਈ ਕਿਸੇ ਦਾ ਪੱਕਾ ਮਿੱਤਰ ਨਹੀਂ ਹੁੰਦਾ ਤੇ ਕੋਈ ਪੱਕਾ ਵਿਰੋਧੀ ਨਹੀਂ ਹੁੰਦਾ। ਜਿਸ ਦੀ ਮਿਸਾਲ ਅੱਜ ਨਗਰ ਕੌਂਸਲ ਵਿੱਚ ਬੇਭਰੋਸਗੀ ਮਤੇ ਨੂੰ ਲੈ ਕੇ ਹੋਈ ਮੀਟਿੰਗ ਦੌਰਾਨ ਦੇਖਣ ਨੂੰ ਮਿਲੀ। ਜਦੋਂ ਅਚਾਨਕ ਹੀ ਸਾਰੇ ਮੀਟਿੰਗ ਤੋਂ ਬਾਹਰ ਆਉਣ ਲੱਗੇ ਤਾਂ ਸਾਬਕਾ ਅਕਾਲੀ ਵਿਧਾਇਕ ਐਸ.ਆਰ.ਕਲੇਰ ਅਤੇ ਸਾਬਕਾ ਕਾਂਗਰਸੀ ਵਿਧਾਇਕ ਜਗਤਾਰ ਸਿੰਘ ਜੱਗਾ ਆਪਣੇ ਸਾਥੀਆਂ ਸਮੇਤ ਨਗਰ ਕੌਾਸਲ ਦੇ ਮੁੱਖ ਗੇਟ ਤੋਂ ਨਾਅਰੇਬਾਜ਼ੀ ਕਰਦੇ ਹੋਏ ਨਗਰ ਕੌਸਲ ਦਫ਼ਤਰ ਪੁੱਜੇ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਸਮੇਂ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਉਸਦਾ ਸਖ਼ਤ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਹਾਲ ਵਿੱਚ ਹੋਈ ਸਮੁੱਚੀ ਕਾਰਵਾਈ ਦੀ ਮੌਕੇ ਤੇ ਮੌਜੂਦ ਕਾਰਜ ਸਾਧਕ ਅਫ਼ਸਰ ਵੱਲੋਂ ਪ੍ਰੋਸੀਡਿੰਗ ਬੁੱਕ ਵਿੱਚ ਲਿਖੀ ਗਈ। ਇਸ ਚੱਲ ਰਹੀ ਕਾਰਵਾਈ ਦੌਰਾਨ ਸਾਰੇ ਪੁਲਿਸ ਅਧਿਕਾਰੀ ਵੀ ਉਥੋਂ ਪਰਤ ਗਏ।
ਸੋਨੀ ਗਾਲਿਬ ਤੇ ਕਲੇਰ ਬਣੇ ਗੇਮ ਚੇਂਜਰ-ਬਾਗ਼ੀ ਕਾਂਗਰਸੀ ਤੇ ਅਕਾਲੀ ਕੌਂਸਲਰਾਂ ਵਲੋਂ ਬੇ ਭਰੋਸਗੀ ਮਤਾ ਲਿਆਉਣ ਤੋਂ ਬਾਅਦ ਦੇ ਸਮੇਂ ਤੋਂ ਹੀ ਲਗਾਤਾਰ ਦਾਅਵੇ ਅਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਸੀ ਅਤੇ ਸਾਰੇ ਪੱਕੇ ਤੌਰ ’ਤੇ ਦਾਅਵਾ ਕਰ ਰਹੇ ਹਨ ਕਿ 30 ਦਸੰਬਰ ਨੂੰ ਨਗਰ ਕੌਂਸਲ ਪ੍ਰਧਾਨ ਰਾਣਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਫਲਤਾ ਸੌ ਪ੍ਰਤੀਸ਼ਤ ਯਕੀਨੀ ਹੈ ਅਤੇ 28 ਤਰੀਕ ਤੱਕ ਬੇਭਰੋਸਗੀ ਮਤਾ ਲਿਆਉਣ ਵਾਲੇ ਸਾਰੇ ਕੌਂਸਲਰ ਪੂਰੀ ਤਰ੍ਹਾਂ ਨਾਲ ਖੁਸ਼ ਸਨ ਕਿ ਉਹ 30 ਦਸੰਬਰ ਨੂੰ ਵੱਡੀ ਕਾਮਯਾਬੀ ਹਾਸਲ ਕਰਨ ਜਾ ਰਹੇ ਹਨ। ਪਰ ਇਸ ਦੌਰਾਨ ਜ਼ਿਲਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਗੁਰਚਰਨ ਸਿੰਘ ਗਾਲਿਬ ਦੇ ਸਪੁੱਤਰ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਵਿਰੋਧੀ ਧਿਰ ਦੇ ਨਾਲ ਖੜ੍ਹੇ ਕੌਂਸਲਰਾਂ ਨੂੰ ਪ੍ਰਧਾਨ ਰਾਣਾ ਦੇ ਪੱਖ ਵਿੱਚ ਲਿਆ ਕੇ ਇਲਾਕੇ ਦੀ ਸਿਆਸਤ ਵਿੱਚ ਆਪਣੀ ਮਜਬੂਤ ਪਕੜ ਪਹਿਲਾਂ ਵਾਂਗ ਬਰਕਾਰ ਹੋਣ ਦੀ ਮਿਸਾਲ ਕਾਇਮ ਕੀਤੀ। ਦੂਜੇ ਪਾਸੇ ਸ਼ੁਰੂ ਤੋਂ ਹੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਚੁੱਪ ਰਹੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਵੀ ਅਚਾਨਕ ਸਰਗਰਮ ਹੋ ਗਏ। ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਵਿੱਚ ਦੋ ਅਕਾਲੀ ਪੱਖੀ ਕੌਂਸਲਰ ਵਿਰੋਧੀ ਖੇਮੇ ਤੋਂ ਹਟ ਕੇ ਪ੍ਰਧਾਨ ਰਾਣਾ ਦੇ ਨਾਲ ਆ ਖੜੇ ਹੋਏ। ਜਿਸ ਕਾਰਨ ਸਾਰਾ ਪਾਸਾ ਪਲਟ ਗਿਆ ਅਤੇ 16 ਕੌਂਸਲਰਾਂ ਵਿੱਚੋਂ 13 ਕੌਂਸਲਰ ਵਿਧਾਇਕ ਸਮੇਤ ਵਿਰੋਧੀ ਧਿਰ ਦੇ ਨਾਲ ਰਹਿ ਗਏ। ਉਨ੍ਹਾਂ ਵਿੱਚੋਂ ਵੀ ਅੱਧੇ ਬੇਭਰੋਸਗੀ ਮਤੇ ਵਿੱਚ ਪ੍ਰਧਾਨ ਰਾਣਾ ਖ਼ਿਲਾਫ਼ ਖੁੱਲ੍ਹ ਕੇ ਨਹੀਂ ਖੜ੍ਹੇ ਹੋਏ। ਇਸ ਬੇਭਰੋਸਗੀ ਮਤੇ ਨੂੰ ਰੱਦ ਕਰਵਾਉਣ ਦਾ ਪੂਰਾ ਸਿਹਰਾ ਨੌਜਵਾਨ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ ਅਤੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੂੰ ਦਿੱਤਾ ਜਾ ਰਿਹਾ ਹੈ।
ਪ੍ਰਧਾਨ ਪੱਖੀ ਕੌਂਸਲਰਾਂ ਤੇ ਪਾਇਆ ਹਰ ਦਬਾਅ-ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਰਾਜਨੀਤਿ ਦਾਅ ਪੇਛ ਅਨੁਸਾਰ ‘‘ ਸਾਮ, ਜਾਮ, ਦੰਡ, ਭੇਦ ’’ ਵਾਲੀ ਸਾਰੀ ਰਣਾਂਨੀਤੀ ਅਪਨਾਉਣ ਦੇ ਬਾਵਜੂਦ ਵੀ ਸਫਲਤਾ ਹਾਸਿਲ ਨਹੀਂ ਹੋ ਸਕੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਦੇਰ ਰਾਤ ਅਤੇ ਸਵੇਰ ਤੋਂ ਹੀ ਪ੍ਰਧਾਨ ਪੱਖੀ ਕੌਂਸਲਰਾਂ ਦੇ ਘਰਾਂ ਦੇ ਬੂਹੇ ਖੜਕਾਉਣੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਉਨ੍ਹਾਂ ਨੂੰ ਮੀਟਿੰਗ ਤੋਂ ਦੂਰ ਰੱਖਿਆ ਜਾ ਸਕੇ। ਪਰ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਜੋ ਕਿ ਆਈਪੀਐਸ ਅਧਿਕਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਅਜਿਹੀਆਂ ਕਈ ਘਟਨਾਵਾਂ ਉਨ੍ਹਾਂ ਦੇ ਹੱਥੋਂ ਨਿਕਲੀਆਂ ਹਨ। ਉਨ੍ਹਾਂ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਦਸਤਾਵੇਜ਼ ਮੁਹੱਈਆ ਕਰਵਾਏ, ਜਿਸ ਵਿੱਚ ਉਨ੍ਹਾਂ ਦੇ ਪੱਖ ਦੇ ਕੌਂਸਲਰਾਂ ਨੂੰ ਸਦਨ ਵਿੱਚ ਪੇਸ਼ ਕਰਨ ਦੀ ਕੋਈ ਲੋੜ ਨਹੀਂ ਸੀ। ਪਰ ਬੇਭਰੋਸਗੀ ਮਤਾ ਲੈ ਕੇ ਆਉਣ ਵਾਲੇ ਕੌਂਸਲਰਾਂ ਨੂੰ ਸਦਨ ਵਿੱਚ ਆਪਣੇ ਦੋ ਤਿਹਾਈ ਬਹੁਮਤ ਨਾਲ ਕੌਂਸਲਰਾਂ ਨੂੰ ਪੇਸ਼ ਕਰਨਾ ਲਾਜਮੀ ਸੀ। ਸਾਬਕਾ ਵਿਧਾਇਕ ਕਲੇਰ ਅਤੇ ਨੌਜਵਾਨ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਨੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਉਸ ਦੇ ਧੜੇ ਦੇ ਕੌਂਸਲਰਾਂ ਦੀਆਂ ਮੁਸ਼ਕਿਲਾਂ ਨੂੰ ਹਲ ਕਰ ਦਿਤਾ ਅਤੇ ਉਨ੍ਹਾਂ ਸਾਰਿਆਂ ਨੇ ਸ਼ਹਿਰ ਵਿੱਚ ਮੀਟਿੰਗ ਤੋਂ ਦੂਰ ਇੱਕ ਥਾਂ ’ਤੇ ਇਕੱਠੇ ਹੋ ਕੇ ਚਾਹ ਪਾਰਟੀ ਦਾ ਆਨੰਦ ਮਾਣਿਆ ਅਤੇ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਉਨ੍ਹਾਂ ਦੇ ਭਰਾ ਕੌਂਸਲਰ ਰਵਿੰਦਰ ਪਾਲ ਰਾਜੂ ਮੀਟਿੰਗ ਹਾਲ ਵਿਚ ਮੌਜੂਦ ਰਹੇ ਪਰ ਉਸ ਸਮੇਂ ਵਿਰੋਧੀ ਮੀਟਿੰਗ ਹਾਲ ਵਿਚ ਆਪਣੇ ਨਾਲ ਦੋ ਤਿਹਾਈ ਬਹੁਮਤ ਦੇ ਕੌਂਸਲਰ ਲਿਜਾਣ ਤੋਂ ਫੇਲ ਹੋ ਗਏ ।
ਫੋਟੋ ਕੈਪਸ਼ਨ- ਸਾਬਕਾ ਵਿਧਾਇਕ ਐਸ.ਆਰ.ਕਲੇਰ ਮੀਟਿੰਗ ਤੋਂ ਪਹਿਲਾਂ ਕੌਂਸਲਰ ਰਾਜੂ ਨੂੰ ਲੋੜੀਂਦੇ ਦਸਤਾਵੇਜ਼ ਸੌਂਪਦੇ ਹੋਏ, ਕੌਂਸਲਰ ਅਨਮੋਲ ਗੁਪਤਾ ਦੀ ਸਿਹਤ ਵਿਗੜਨ ’ਤੇ ਉਨ੍ਹਾਂ ਨੂੰ ਹਸਪਤਾਲ ਲਿਜਾਂਦੇ ਹੋਏ ਸਾਥੀ ਕੌਂਸਲਰ, ਅਕਾਲੀ ਸਾਬਕਾ ਵਿਧਾਇਕ ਕਲੇਰ ਅਤੇ ਕਾਂਗਰਸੀ ਸਾਬਕਾ ਵਿਧਾਇਕ ਜਗਤਾਰ ਸਿੰਘ ਇਕੱਠੇ ਪਹੁੰਚ ਰਹੇ ਅਤੇ ਨਗਰ ਕੌਂਸਲ ਮੀਟਿੰਗ ਦੇ ਅੰਤ ਵਿੱਚ ਐਸ.ਆਰ. ਕਲੇਰ ਕਾਰਵਾਈ ਨੂੰ ਪ੍ਰੋਸੀਡਿੰਗ ਬੁੱਕ ਵਿਚ ਦਰਜ ਕਰਵਾਉਣ ਲਈ ਲੈ ਕੇ ਜਾਂਦੇ ਹੋਏ।



