ਪੀੜਤ ਪਰਿਵਾਰ ਨੇ ਐਸ.ਐਸ.ਪੀ ਨੂੰ ਦਿਤੀ ਸ਼ਿਕਾਇਤ
ਜਗਰਾਓਂ, 8 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਐੰਟੀ ਨਾਰਕੋਟਿਕ ਸੈੱਲ ਵਿੱਚ ਤਾਇਨਾਤ ਇੱਕ ਏ.ਐਸ.ਆਈ ਨੇ ਅੱਡਾ ਰਾਏਕੋਟ ਨੇੜੇ ਮੁਹੱਲਾ ਮਾਈ ਜੀਨਾ ਵਿੱਚ ਇੱਕ ਪਰਿਵਾਰ ਨੂੰ ਨਸ਼ਾ ਤਸਕਰ ਹੋਣ ਦਾ ਕਹਿ ਕੇ ਗ੍ਰਿਫ਼ਤਾਰ ਕਰਨ ਦੀ ਧਮਕੀ ਦੇ ਕੇ ਡੀਐਸਪੀ ਦੇ ਨਾਂ ’ਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਅਤੇ ਮਾਮਲਾ 15 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਅਤੇ 15 ਹਜ਼ਾਰ ਰੁਪਏ ਲੈ ਕੇ ਚਲਾ ਗਿਆ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਉਕਤ ਏ.ਐਸ.ਆਈ. ਬਾਕੀ 35 ਹਜ਼ਾਰ ਰੁਪਏ ਲੈਣ ਲਈ ਉਸ ਪਰਿਵਾਰ ਕੋਲ ਗਿਆ। ਪੀੜਤ ਪਰਿਵਾਰ ਵੱਲੋਂ ਉਸ ਨੂੰ ਹੋਰ ਪੈਸੇ ਦੇਣ ਤੋਂ ਇਨਕਾਰ ਕਰਨ ਤੇ ਏਐਸਆਈ ਵਲੋਂ ਧਮਕੀਆਂ ਦੇਣ ਤੋਂ ਬਾਅਦ ਪੀੜਤ ਪਰਿਵਾਰ ਤੱਥਾਂ ਦੇ ਆਧਾਰ ’ਤੇ ਸ਼ਿਕਾਇਤ ਲੈ ਕੇ ਐੱਸਐੱਸਪੀ ਕੋਲ ਚਲਾ ਗਿਆ। ਜਿਸ ਦੀ ਜਾਂਚ ਲਈ ਉਨ੍ਹਾਂ ਨੇ ਸ਼ਿਕਾਇਤ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੂੰ ਸੌਂਪ ਦਿੱਤੀ।
ਕੀ ਕਹਿਣਾ ਹੈ ਡੀਐਸਪੀ ਦਾ-
ਇਸ ਸਬੰਧੀ ਡੀਐਸਪੀ ਸਤਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੀੜਤ ਔਰਤ ਨੇ ਐਸਐਸਪੀ ਸਾਹਿਬ ਨੂੰ ਏਐਸਆਈ ਵੱਲੋਂ ਧਮਕਾ ਕੇ ਪੈਸੇ ਲੈਣ ਦੀ ਅਤੇ ਹੋਰ ਪੈਸੇ ਮੰਗਣ ਦੀ ਸ਼ਿਕਾਇਤ ਦਿੱਤੀ ਸੀ। ਜੋ ਜਾਂਚ ਲਈ ਉਨ੍ਹਾਂ ਨੂੰ ਸੌੰਪੀ ਗਈ ਹੈ। ਮਹਿਲਾ ਵੱਲੋਂ ਜੋ ਸੰਬੰਧਤ ਰਿਕਾਰਡਿੰਗ ਪੇਸ਼ ਕੀਤੀ ਗਈ ਹੈ ਉਸ ਵਿੱਚ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਦੋਵਾਂ ਧਿਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।