ਵਲਟੋਹਾ(ਸੰਜੀਵ ਕੁਮਾਰ)ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਵਲਟੋਹਾ ’ਚ ਮਨੁੱਖਤਾ ਉਸ ਵੇਲੇ ਸ਼ਰਮਸਾਰ ਹੁੰਦੀ ਦੇਖੀ ਗਈ ਜਦੋਂ ਆਪਣੇ ਗੁਆਂਢੀਆਂ ਦੀ ਕੁੜੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ’ਤੇ ਸ਼ਰੇਆਮ ਨਿਵਸਤਰ ਕਰ ਦਿੱਤਾ। ਉਕਤ ਲੋਕਾਂ ਨੇ ਨਾ ਸਿਰਫ ਸਰੀਰ ਢੱਕਣ ਦਾ ਯਤਨ ਕਰਦੀ ਔਰਤ ਕੋਲੋਂ ਕੱਪੜੇ ਖੋਹ ਕੇ ਗਲੀਆਂ ’ਚ ਭਜਾ-ਭਜਾ ਉਸ ਦੀ ਵੀਡੀਓ ਬਣਾਈ ਬਲਕਿ ਉਕਤ ਵੀਡੀਓ ਨੂੰ ਵਾਇਰਲ ਵੀ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਔਰਤ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ ’ਚ ਵੀ ਲੁਕਣ ਦਾ ਯਤਨ ਕਰਦੀ ਰਹੀ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪਰ ਅਜੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ।ਪਿੰਡ ਵਲਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦੇ ਲੜਕੇ ਨੇ ਗੁਆਂਢ ਰਹਿੰਦੀ ਲੜਕੀ ਨਾਲ ਕਰੀਬ ਇਕ ਮਹੀਨਾ ਪਹਿਲਾਂ ਅਦਾਲਤੀ ਵਿਆਹ ਕਰਵਾ ਲਿਆ ਸੀ ਜਿਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ। ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟ ਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਿਰਵਸਤਰ ਕਰ ਦਿੱਤਾ। ਇਨ੍ਹਾਂ ’ਚੋਂ ਇਕ ਵਿਅਕਤੀ ਨੇ ਉਸ ਦੀ ਨਿਰਵਸਤਰ ਹਾਲਤ ’ਚ ਹੀ ਵੀਡੀਓ ਬਣਾ ਲਈ। ਉਹ ਉਨ੍ਹਾਂ ਤੋਂ ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ ’ਚ ਆਸਰਾ ਲੈਂਦੀ ਰਹੀ। ਪਰ ਵੀਡੀਓ ਬਣਾਉਣ ਵਾਲੇ ਹਮਲਾਵਰਾਂ ਨੇ ਉਸ ਦਾ ਪਿੱਛਾ ਨਾ ਛੱਡਿਆ। ਉਸ ਦੀ ਵੀਡੀਓ ਬਣਾਈ ਤੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਸਮਾਜ ’ਚ ਹੋਰ ਬੇਇੱਜ਼ਤ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੀੜ੍ਹਤ ਔਰਤ ਦੀ ਸ਼ਿਕਾਇਤ ’ਤੇ ਸ਼ਰਨਜੀਤ ਸਿੰਘ ਉਰਫ਼ ਸੰਨੀ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਉਰਫ਼ ਮਾਣੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।