ਲਹਿਰਾਗਾਗਾ (ਅਸਵਨੀ-ਧਰਮਿੰਦਰ) ਨੇੜਲੇ ਪਿੰਡ ਲਹਿਲ ਕਲਾਂ ਦੇ ਕਿਸਾਨ ਰਿੰਕੂ ਸ਼ਰਮਾ (38) ਪੁੱਤਰ ਸ਼ਿਆਮ ਲਾਲ ਨੇ ਕਰਜ਼ੇ ਤੋਂ ਤੰਗ ਆ ਕੇ ਪਿਛਲੇ ਦਿਨੀਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆਂ ਕਰ ਲਈ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ, ਲੜਕੀ ਅਤੇ ਪਤਨੀ ਛੱਡ ਗਿਆ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਸਮੇਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਲਹਿਲ ਕਲਾਂ ਇਕਾਈ ਪ੍ਰਧਾਨ ਪ੍ਰੀਤਮ ਸਿੰਘ ਦੇ ਦੱਸਣ ਮੁਤਾਬਿਕ ਮਿਤ੍ਰਕ ਕਿਸਾਨ ਰਿੰਕੂ ਸ਼ਰਮਾ ਕੋਲ ਚਾਰ ਕਨਾਲ ਜ਼ਮੀਨ ਹੈ ਅਤੇ ਪ੍ਰਾਈਵੇਟ ਬੈਂਕ ਦਾ 3-4 ਲੱਖ ਰੁਪਏ ਕਰਜ਼ਾ ਸਿਰ ਹੋਣ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਸੀ। ਉਹ ਹਰ ਵਕਤ ਮਾਨਸਿਕ ਤੌਰ ’ਤੇ ਪੇ੍ਰਸ਼ਾਨ ਰਹਿੰਦਾ ਸੀ। ਇਹੀ ਪਰੇਸ਼ਾਨੀ ਉਸ ਦੀ ਮੌਤ ਦਾ ਸਬੱਬ ਬਣ ਗਈ। ਮਿ੍ਰਤਕ ਦੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਹਰਪਾਲ ਸ਼ਰਮਾ ਨੇ ਦੱਸਿਆ ਕਿ ਸਿਰਫ ਚਾਰ ਕਨਾਲ ਜ਼ਮੀਨ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣ ’ਚ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਉਸ ਦੇ ਸਿਰ ਕਰਜ਼ਾ ਹਰੇਕ ਛਮਾਹੀ ਵਧ ਜਾਂਦਾ ਸੀ। ਪਿੰਡ ਦੇ ਮੋਹਤਬਰਾਂ,ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਪਰਿਵਾਰ ਦੀ ਮੰਗ ਹੈ ਕਿ ਸਰਕਾਰ ਇਸ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰੇ, ਕਰਜ਼ਾ ਮਾਫ਼ ਕਰੇ ਅਤੇ ਲੜਕੇ ਨੂੰ ਸਰਕਾਰੀ ਨੌਕਰੀ ਦੇਵੇ।